Sunday, July 15, 2012

ਕੈਂਸਰ ਤੇ ਸ਼ੂਗਰ ਆਦਿ ਲਈ ਜਰਮਨ ਦੀ ਡਾ. ਬਗਵਿਗ ਦਾ ਚਮਤਕਾਰੀ ਨੁਸਖਾ







ਜਰਮਨ ਦੀ ਨਾਮਵਰ ਡਾਕਟਰ ਜੋਹਾਨਾ ਬਡਵਿਗ ਦਾ ਦਾਅਵਾ ਹੈ ਕਿ ਇਸ ਨੁਸਖੇ ਦੇ ਸੇਵਨ ਨਾਲ ਕੈਂਸਰ, ਸ਼ੂਗਰ ਤੇ ਬਲੱਡ ਪ੍ਰੈਸ਼ਰ, ਪਾਰਕਿਨਸਨ ਤੋਂ ਇਲਾਵਾ ਕੋਲੈਸਟਰਾਲ, ਦਿਲ ਦੀਆਂ ਬੀਮਾਰੀਆਂ, ਜੋੜਾਂ ਦੇ ਦਰਦ, ਲਿਵਰ ਆਦਿ ਅਨੇਕਾਂ ਰੋਗਾਂ ਤੋਂ ਅਰਾਮ ਮਿਲਦਾ ਹੈ।
Ñਲੋੜੀਂਦਾ ਸਮਾਨ ਲੈਣਾ- 1. ਬਿਜਲੀ ਵਾਲਾ ਹੈਂਡ ਬਲੈਡਰ ਜੋ ਭੂਕਣੇ ਵਰਗਾ ਲੰਮਾ ਹੁੰਦਾ ਜਿਹਾ ਹੁੰਦਾ ਹੈ, ਵੱਡੇ ਢਿੱਡ ਵਾਲੇ ਬਲੈਡਰ ਦੀ ਲੋੜ ਨਹੀਂ। 2. ਇਕ ਵੱਡਾ ਕੌਲਾ (ਬੌਅਲ) 3. ਦਰਮਿਆਨੇ ਅਕਾਰ ਦਾ ਮੱਗ।
ਸਮੱਗਰੀ- 1. ਘੱਟ ਫੈਟ ਵਾਲਾ ਕਟਿਜ ਪਨੀਰ ਜੋ ਫਰਟੀਨੋ, ਫਰੈਸ਼ਕੋ ਆਦਿ ਗਰੌਸਰੀ ਸਟੋਰ ਤੋਂ ਮਿਲਦਾ ਹੈ। 2. ਕੋਲਡ ਪ੍ਰੈੱਸਡ ਅਰਥਾਤ ਠੰਡੇ ਤਰੀਕੇ ਨਾਲ ਕੱਢਿਆ ਅਲਸੀ ਦਾ ਤੇਲ ਜਿਸ ਨੂੰ ਅੰਗਰੇਜ਼ੀ ਵਿਚ ਫਲੈਕ ਆਇਲ ਆਖਦੇ ਹਨ। (ਅਲਸੀ ਦਾ ਆਮ ਤੇਲ ਨਹੀਂ ਸਗੋਂ ਸਿਰਫ ਕੋਲਡ ਪ੍ਰੈੱਸਡ ਹੀ ਲੈਣਾ ਹੈ ਜੋ ਕਿ ਕਾਸਕੋ ਜਾਂ ਕਿਸੇ ਹੋਰ ਕੁਦਰਤੀ ਪਦਾਰਥਾਂ ਵਾਲੇ ਸਟੋਰ ਤੋਂ ਲਵੋ, ਜਿਸ ਨੂੰ ਇੰਡੀਆ ਵਿਚ ਕੱਚੀ ਘਾਣੀ ਜਾਂ ਕੋਹਲੂ ਦਾ ਅਲਸੀ ਤੇਲ ਕਹਿੰਦੇ ਹਨ।) 3. ਸੋਇਆ ਦੁੱਧ। 4. ਆਪਣੇ ਪਸੰਦ ਦੇ ਹਰੇ ਫਲ ਜਿਵੇਂ ਬਲੂਬੈਰੀ, ਸਟਰਾਅਬੈਰੀ, ਸੇਬ, ਨਾਸ਼ਪਾਤੀ, ਆੜੂ, ਅਲੂਚਾ ਆਦਿ। ਇਨ੍ਹਾਂ ਨੂੰ ਨਿੱਕੇ ਨਿੱਕੇ ਕੱਟਣਾ ਸਿਰਫ ਇਕ ਪਿਆਲੀ ਭਰਨ ਜੋਗੇ। 5. ਗਿਰੀ ਵਾਲੇ ਫਲ ਜਿਵੇਂ ਅਖਰੋਟ, ਬਦਾਮ, ਕਾਜੂ, ਪਿਸਤਾ, ਸੂਰਜਮੁਖੀ ਬੀਜ ਆਦਿ ਗਰਾਈਂਡਰ ਵਿਚ ਚੂਰਾ ਕਰ ਕੇ ਰੱਖ ਲਵੋ ਤਾਂ ਕਿ ਹਰ ਰੋਜ਼ ਵਰਤ ਸਕੋ।
ਤਰੀਕਾ— ਅਲਸੀ ਦੇ ਤੇਲ ਨੂੰ ਚੰਗੀ ਤਰ੍ਹਾਂ ਹਿਲਾਅ ਕੇ 3 ਵੱਡੇ ਚਮਚੇ ਤੇ ਕਟਿਜ ਚੀਜ਼ (ਪਨੀਰ) ਦੇ ਛੇ ਵੱਡੇ ਚਮਚੇ ਕੌਲੇ ਵਿਚ ਪਾ ਲਉ। ਚਮਚਾ ਭਰਨ ਵੇਲੇ ਟੀਸੀ ਨਹੀਂ ਕੱਢਣੀ, ਲੈਵਲ ਵਿਚ ਰੱਖਣੇ ਹਨ। ਹੈਂਡ ਬਲੈਡਰ ਦੇ ਮਧਾਣੀ ਵਾਲੇ ਪਾਸੇ ਨੂੰ ਸੋਇਆ ਮਿਲਕ ਵਾਲੇ ਮੱਗ ਵਿਚ ਪਾ ਕੇ ਕੁਝ ਸਕਿੰਟਾਂ ਲਈ ਚਲਾਅ ਦਿਓ। ਜਿਸ ਨਾਲ ਮਧਾਣੀ ਨੂੰ ਚਿੰਬੜਿਆ ਪੇਸਟ ਘੁਲ ਕੇ ਮੱਗ ਵਿਚ ਰਹਿ ਜਾਵੇਗਾ। ਇਸ ਦੁੱਧ ਵਿਚ ਘੁਲੇ ਪੇਸਟ ਨੂੰ ਤੇਲ ਵਾਲੇ ਕੌਲੇ ਵਿਚ ਉਲੱਦ ਦਿਓ। ਹੁਣ ਇਸ ਪੇਸਟ ਨੂੰ ਚਮਚੇ ਨਾਲ ਚੰਗੀ ਤਰ੍ਹਾ ਹਿਲਾਓ। ਰਗੜੇ ਹੋਏ ਸੁੱਕੇ ਮੇਵੇ ਦੇ ਕੋਈ ਡੇਢ ਚਮਚੇ ਇਸ ਪੇਸਚ ਵਿਚ ਚਮਚੇ ਨਾਲ ਹਿਲਾਅ ਕੇ ਚੰਗੀ ਤਰ੍ਹਾਂ ਮਿਕਸ ਕਰੋ। ਪਿਆਲੀ ਵਿਚ ਕੱਟ ਕੇ ਰੱਖੇ ਫਲ ਫਰੂਟ ਵੀ ਕੌਲੇ ਵਿਚ ਪਾ ਕੇ ਚਮਚੇ ਨਾਲ ਮਿਕਸ ਕਰ ਲਵੋ। ਮੇਵੇ ਤੇ ਫਲ ਬਲੈਡਰ ਨਾਲ ਮਿਕਸ ਨਹੀਂ ਕਰਨੇ। ਸਗੋਂ ਚਮਚੇ ਨਾਲ ਗੁਤਾਵਾ ਜਿਹਾ ਬਣਾ ਲੈਣਾ ਹੈ। ਸਾਰੀ ਸਮੱਗਰੀ ਤਿਆਰ ਹੈ ਜਿਸ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਛਕ ਲਵੋ। ਇਹ ਸਮੱਗਰੀ ਅੱਧੇ ਘੰਟੇ ਮਗਰੋਂ ਬੇਕਾਰ ਹੋ ਜਾਂਦੀ ਹੈ, ਇਸ ਲਈ ਰਾਤ ਨੂੰ ਬਣਾ ਕੇ ਨਹੀਂ ਰੱਖਣੀ।
ਪਰਹੇਜ਼- ਅਲਕੋਹਲ, ਮੀਟ, ਆਂਡਾ, ਡੇਅਰੀ, ਹਰੇਕ ਕਿਸਮ ਦਾ ਮਿੱਠਾ ਤੇ ਰੀਫਾਈਨਡ ਤੇਲ ਕੈਂਸਰ ਬਣਾਉਂਦੇ ਹਨ। 1 ਫੀਸਦੀ ਦੁੱਧ, ਦਹੀ ਵਰਤ ਲਵੋ। ਐਕਸਟ੍ਰਾ ਵਰਿਜਨ ਆਲਿਵ ਤੇਲ ਵਰਤੋ। ਗਰੀਨ ਟੀਅ  ਸੋਇਆ ਤੇਲ ਵਿਚ ਵਾਰ ਵਾਰ ਪਾਓ। ਪੀਜ਼ਾ, ਪਕੌੜੇ, ਮੀਟ ਆਂਡੇ ਆਦਿ ਤੋਂ ਪੂਰਾ ਪਰਹੇਜ਼ ਰੱਖੋ। ਅਨਸਵੀਟਨਡ (ਮਿੱਠੇ ਤੋਂ ਰਹਿਤ) ਸੋਇਆ ਮਿਲਕ ਵਰਤੋ। ਘਰ ਕੱਢਿਆ ਤਾਜ਼ਾ ਗਾਜਰ ਜੂਸ, (ਸੇਬ ਸੈਲਰੀ ਨਾਲ) ਵਰਤੋ। ਸਟੋਰ ਵਾਲਾ ਜੂਸ ਨਹੀਂ ਵਰਤਣਾ। ਹਰੀਆਂ ਸਬਜ਼ੀਆਂ ਤੇ ਭੁੰਨੀ ਹੋਈ ਮੱਛੀ ਲਾਭਕਾਰੀ। ਯਾਦ ਰੱਖੋਂ ਪਰਹੇਜ਼ ਤੋਂ ਬਗੈਰ ਦਵਾਈ ਦਾ ਪੂਰਾ ਅਸਰ ਨਹੀਂ ਹੁੰਦਾ। ਇਸ ਦਾ ਹਾਲੇ ਤਕ ਕੋਈ ਸਾਈਡ ਇਫੈਕਟਰ ਰਿਪੋਰਟ ਨਹੀਂ ਹੋਇਆ ਹੈ। ਬੇਫਿਕਰ ਹੋ ਕੇ ਛਕੋ।
ਨੋਟ- ਖੂਨ ਨੂੰ ਪਤਲਾ ਕਰਨ ਵਾਲੀ ਦਵਾਈ ਖਾਣ ਵਾਲੇ ਲੋਕ ਇਹ ਫੂਡ ਨਾ ਖਾਣ ਕਿਉਂਕਿ ਇਹ ਫੂਡ ਵੀ ਖੂਨ ਨੂੰ ਪਤਲਾ ਕਰਦਾ ਹੈ।

ਆਖ਼ਰ ਕੀ ਹੈ ਐਨਜੀਓਜ਼ ਦਾ ਰਾਜ਼




 ਜਿਹੜੇ ਗੱਲਾਂ ਕਰਨ ਵਿਚ ਮੋਹਰੀ ਹੁੰਦੇ ਹਨ ਪਰ ਗਾਲ੍ਹੜੀ ਹੋਣ ਦੇ ਬਾਵਜੂਦ ਕਦੇ ਕੋਈ ਸਰਗਰਮੀ ਕਰਦੇ ਨਹੀਂ ਦਿਸਦੇ। ਅਜਿਹੀ ਕਿਸਮ ਦੇ ਲੋਕ ਹੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਐਨ ਜੀ ਓ ਭਾਵ ਗੈਰ ਸਰਕਾਰੀ ਜਥੇਬੰਦੀਆਂ ਤਾਂ ਓਨਾਂ ਲੋਕਾਂ ਨੇ ਬਣਾਈਆਂ ਨੇ, ਜਿਹੜੇ ਸਰਕਾਰੀ ਫੰਡ ਖਾਣ ਵਿਚ ਮੁਹਾਰਤ ਰੱਖਦੇ ਹੁੰਦੇ ਹਨ। ਠੀਕ ਹੈ ਕਿ ਭਾਰਤ ਵਿਚ ਤੇ ਬਾਕੀ ਸੰਸਾਰ ਵਿਚ ਕਈ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਾਂ ਦੇ ਇਹੋ ਜਿਹੇ ਭੇਤ ਖੁੱਲ੍ਹਦੇ ਵੀ ਰਹੇ ਹਨ। ਪਰ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਅੱਜ ਜਿਹੜਾ ਵੀ ਆਗੂ ਐਨ ਜੀ ਓ ਖੜ੍ਹੀ ਕਰਕੇ ਵਿਚਰ ਰਿਹਾ ਹੈ, ਉਹ ਸਾਰੇ ਦੇ ਸਾਰੇ ਮਿੱਤਰ ਠੱਗ ਹੀ ਹਨ! 
ਐਨ ਜੀ ਓਜ਼ ਨੇ ਸਾਰੇ ਸੰਸਾਰ ਵਿਚ ਹੀ ਓਹ ਕੰਮ ਕਰ ਕੇ ਵਿਖਾਏ ਹਨ ਜੋ ਕਿ ਸਰਕਾਰੀ ਗਰੁੱਪਾਂ ਦੇ ਸੰਸਥਾਵਾਂ ਦੇ ਲੋਕਾਂ ਨੇ ਫਰਜ਼ ਵਜੋਂ ਕਰਨੇ ਸੀ ਪਰ ਸਰਕਾਰੀ ਮੁਲਾਜ਼ਮਾਂ ਨੇ ਕੀਤੇ ਨਹੀਂ। ਜਨਤਾ ਵਿਚ ਵੀ ਬਹੁਤ ਸਾਰੇ ਲੋਕ ਚੇਤੰਨ ਹੋ ਚੁੱਕੇ ਹੁੰਦੇ ਹਨ, ਇਹੀ ਲੋਕ ਕਦੇ ਨਾ ਕਦੇ ਕੋਈ ਨਾ ਕੋਈ ਸਰਗਰਮੀ ਕਰਦੇ  ਰਹਿੰਦੇ ਹਨ। ਇਨ੍ਹਾਂ ਲੋਕਾਂ ਕਰਕੇ ਹੀ ਦੁਨੀਆਂ ਵਿਚ ਥੋੜ੍ਹੀ ਬਹੁਤ ਚੇਤਨਾ ਹੈ ਨਹੀਂ ਤਾਂ ਆਮ ਆਦਮੀ ਦੀ ਸਮਝ ਕੀ ਹੁੰਦੀ ਹੈ ਕਿ ਉਹ ਸਰਕਾਰਾਂ ਨਾਲ ਜਾਂ ਸਰਕਾਰੀ ਮਹਿਕਮਿਆਂ ਨਾਲ ਮੱਥਾ ਲਾਉਣ ਬਾਰੇ ਸੋਚ ਵੀ ਸਕੇ। 
ਐਨ ਜੀ ਓ (ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਾਂ) ਦਾ ਕੰਮ ਹਿੰਦੋਸਤਾਨ ਵਿਚ ਕੁਲ ਮਿਲਾਅ ਕੇ ਬੇਹੱਦ ਚੰਗਾ ਹੈ। ਐਨ ਜੀ ਓਜ਼ ਕਰਕੇ ਕਈ ਥਾਂਈਂ ਲੋਕਾਂ ਨੇ ਜਾਗਰੂਕ ਹੋ ਕੇ ਸੜਕਾਂ ਬਣਾਈਆਂ ਹਨ, ਟੁੱਟੇ ਪੁਲਾਂ ਦੀ ਮੁਰੰਮਤ ਕੀਤੀ ਹੈ। ਜਿੱਥੇ ਪੁੱਲਾਂ ਆਦਿ ਦੀ ਜ਼ਰੂਰਤ ਸੀ ਪਰ ਸਰਕਾਰੀ ਮੁਲਾਜ਼ਮ ਟਾਲਾ ਵੱਟਦੇ ਆ ਰਹੇ ਸੀ ਉਥੇ ਵਧੀਆ ਕੰਮ ਕਰ ਕੇ ਵਿਖਾਏ ਹਨ। ਕੁਝ ਸੰਤ-ਬਾਬੇ ਵੀ ਇਨ੍ਹਾਂ ਐਨ ਜੀ ਓਜ਼ ਕਰ ਕੇ ਲੋਕਾਂ ਵਿਚ ਵਾਹਵਾ ਨਾਮਣਾ ਵੀ ਖੱਟ ਚੁੱਕੇ ਹਨ ਤੇ ਐਮ ਐਲ ਏ ਦੀ ਚੋਣ ਲੜਨ ਦਾ ਸੁਪਨਾ ਤਕ ਪਾਲ ਰਹੇ ਹਨ। ਦੂਰ ਕੀ ਜਾਣਾ ਇਕ ਬੇਈ ਦੀ ਸੇਵਾ ਕਰਾ ਚੁੱਕਾ ਸਾਧ ਪੁਰਸ਼ ਵੀ ਹੁਣ ਸੁਰਖੀਆ ਵਿਚ ਹੈ ਤੇ ਉਸ ਦੇ ਡੇਰੇ ਜਾਇਆ ਜਾਵੇ ਤਾਂ ਉਸ ਨੇ ਨੋਟਿਸ ਬੋਰਡ ਉੱਤੇ ਆਪਣੇ ਬਾਰੇ ਛਪੀਆਂ ਤੇ ਛਪਵਾਈਆਂ ਖ਼ਬਰਾਂ ਕਟਿੰਗਾਂ ਵਜੋਂ ਲਾਈਆਂ ਹੁੰਦੀਆਂ ਹਨ। 
ਖੈਰ ਇਹ ਤਾਂ ਉਸ ਦੀ ਮਾਨਸਿਕਤਾ ਹੈ, ਉਹ ਛਪੀਆਂ ਖ਼ਬਰਾਂ ਦੀ ਕਟਿੰਗ ਨਾਲ ਜੋ ਮਰਜ਼ੀ ਕਰੇ। ਪਰ ਜੇ ਵਿਸ਼ੇ ਦੇ ਸਮੁੱਚੇ ਵਹਿਣ ਵੱਲ ਮੁੜੀਏ ਤਾਂ ਇਹ ਗੱਲ ਉੱਭਰਦੀ ਹੈ ਕਿ ਐਨ ਜੀ ਓਜ਼ ਦੇ ਕੰਮ ਘਟਾਅ ਕੇ ਨਹੀਂ ਵੇਖੇ ਜਾ ਸਕਦੇ। ਅਸੀਂ ਇਸ ਲੇਖ ਵਿਚ ਐਨ ਜੀ ਓਜ਼ ਵਲੋਂ ਹੁਣ ਤਕ ਮੁਲਕ ਵਿਚ ਹਰੇਕ ਥਾਂਈਂ ਕੀਤੇ ਕਾਰਜ਼ਾਂ ਦਾ ਵਰਣਨ ਕਰ ਵੀ ਨਹੀਂ ਸਕਦੇ। ਕਾਰਨ ਇਹ ਹੈ ਕਿ ਲੇਖ ਦਾ ਮਜ਼ਮੂਨ ਤੇ ਥਾਂ ਸੀਮਤ ਹੁੰਦੀ ਹੈ। ਅਸੀਂ ਜਿਸ ਵੀਚਾਰ ਨੂੰ ਉਭਾਰ ਕੇ ਦੱਸਣਾ ਹੈ, ਓਹ ਸਿਰਫ ਇੰਨਾ ਹੈ ਕਿ ਦੇਸ਼ ਵਿਚ ਐਨ ਜੀ ਓਜ਼ ਨੇ ਹੁਣ ਤਕ ਜਿਥੇ ਵੀ ਤੇ ਜਿੰਨੀ ਵੀ ਘਾਲਣਾ ਘਾਲ ਕੇ ਵਿਖਾਈ ਹੈ, ਨੂੰ ਹਊ ਪਰੇ ਕਹਿ ਕੇ ਨਿੰਦਿਆ ਨਹੀਂ ਜਾ ਸਕਦਾ।
ਪਰ ਫੇਰ ਗੱਲ ਇਥੇ ਆ ਕੇ ਰੁਕਦੀ ਹੈ ਕਿ ਐਨ ਜੀ ਓਜ਼ ਵਾਲਿਆਂ ਉਤੇ ਸਰਕਾਰੀ ਇਮਦਾਦ (ਫੰਡ) ਨੂੰ ਨਿੱਜੀ ਤੌਰ 'ਤੇ ਵਰਤਣ ਦੇ ਦੋਸ਼ ਕਿਉਂ ਲੱਗਦੇ ਹਨ? ਇਸ ਦਾ ਸਿੱਧਾ ਜਿਹਾ ਇਕ ਜਵਾਬ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਲੋਕਾਂ ਲਈ ਐਨ ਜੀ ਓਜ਼ ਨੂੰ ਰਜਿਸਟਰਡ ਕਰਾਉਣਾ ਤੇ ਮੁੜ ਉਸ ਐਨ ਜੀ ਓਜ਼ ਨੂੰ ਹਰਕਤ ਵਿਚ ਰੱਖਣਾ ਸੰਭਵ ਨਹੀਂ ਹੋਵੇਗਾ ਜਾਂ ਫੇਰ ਜਿਹੜੇ ਲੋਕ ਆਪਣੇ ਨਿੱਜੀ ਕਿਰਦਾਰ ਕਰ ਕੇ ਕਿਸੇ ਐਨ ਜੀ ਓਜ਼ ਵਿਚੋਂ ਕੱਢ ਦਿੱਤੇ ਜਾਂਦੇ ਹਨ, ਅਕਸਰ ਇਹੀ ਲੋਕ ਬਾਅਦ ਵਿਚ ਆਪਣੇ ਆਗੂ ਉੱਪਰ ਤੇ ਆਪਣੇ ਸਾਬਕ ਉਸਤਾਦਾਂ ਉੱਤੇ ਚਿੱਕੜ ਸੁੱਟਦੇ ਹਨ। 
ਐਨ ਜੀ ਓਜ਼ ਚਲਾਉਣੀ ਤੇ ਸਰਗਰਮੀ ਵਿਖਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਅਜਿਹੇ ਕੰਮਾਂ ਨੂੰ ਕਰਦੇ ਰੱਖਣ ਲਈ ਆਪਣਾ ਖੂਨ ਮਚਾਉਣਾ ਪੈਂਦਾ ਹੈ। ਆਪਣੀ ਜ਼ਿੰਦਗੀ ਦਾ ਕੀਮਤਾ ਸਮਾਂ ਜੋ ਕਿ ਅਸਾਂ ਆਪਣੇ ਘਰਦਿਆਂ ਜੀਆਂ ਨਾਲ ਬਿਤਾਉਣਾ ਹੁੰਦਾ ਹੈ, ਉਨ੍ਹਾਂ ਜੀਆਂ ਨਾਲੋਂ ਕੱਟ ਕੇ ਆਪਣੇ ਸਮਾਜ ਲਈ ਕੁਝ ਕਰ ਕੇ ਵਿਖਾਉਣਾ ਪੈਂਦਾ ਹੈ। ਫੇਰ ਕਿਤੇ ਜਾ ਕੇ ਸਰਕਾਰੇ ਦਰਬਾਰੇ ਜਾ ਕੇ ਮਾੜਾ ਮੋਟਾ ਨਾਂ ਬਣਦਾ ਹੈ। ਸੁਵੀਨਿਰ ਛਾਪ ਕੇ ਤੇ ਅਖ਼ਬਾਰਾਂ ਵਿਚ ਖ਼ਬਰਾ ਛਪਾ ਕੇ ਹੀ ਸਮਾਜ ਵਿਚ ਮਾੜੀ ਮੋਟੀ ਪਛਾਣ ਬਣਾਅ ਹੁੰਦੀ ਹੈ। ਸਿਰਫ ਇਹ ਕਹਿਣਾ ਕਿ ਐਨ ਜੀ ਓਜ਼ ਬਣਾ ਕੇ ਚਲਾ ਰਹੇ ਲੋਕ ਨਿਰੇ ਫੰਡ ਹੀ ਖਾ ਰਹੇ ਹਨ। ਸਾੜਾਖੋਰੀ ਤੇ ਈਰਖਾ ਤੋਂ ਵੱਧ ਕੇ ਕੁਝ ਨਹੀਂ ਹੈ। 
 Yadwinder Singh 
94653 29617 

Friday, December 30, 2011

ਹੈਪੀ ਨਿਊ ਯੀਅਰ ... ਆਖੋ, ਸੇਮ ਟੂ ਯੂ..!


* ਨਵੇਂ ਸਾਲ 'ਤੇ ਖ਼ਾਸ ਵਿਅੰਗ 


-ਆਪਣੀ ਵਿਰਾਸਤ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਤੇ ਬੇਗਾਨੇ ਕਲਚਰ ਨੂੰ ਅਪਨਾਉਣ ਲਈ ਕਾਹਲੇ ਅਸੀਂ ਲੋਕ ਜਿਵੇਂ ਪਟਾਕਿਆਂ ਤੇ ਸ਼ੋਰ ਸ਼ਰਾਬੇ ਵਾਲੇ ਪਟਾਕੇ ਫੂਕਣ ਦੇ ਤਿਓਹਾਰ ਦੀਵਾਲੀ ਉੱਤੇ ਇਕ ਦੂਜੇ ਨੂੰ 'ਵਿਸ਼' ਕਰਦੇ ਹੁੰਦੇ ਹਾਂ ਉਸ ਦਾ ਅੰਦਾਜ਼ ਹੁੰਦਾ ਹੈ ਹੈਪੀ ਦੀਵਾਲੀ ਅੰਕਲ, ਅੱਗੋਂ ਜੇ ਕਿਤੇ ਬੱਚਾ ਹੋਵੇ ਤਾਂ ਜਵਾਬ ਮਿਲਦਾ ਹੈ -ਹੈਪੀ ਦੀਵਾਲੀ ਬੇਟਾ। 
ਹੁਣ ਨਵਾਂ ਸਾਲ ਚੜ੍ਹਨ ਵਾਲਾ ਹੈ ਤੇ ਫਿਜ਼ਾ ਵਿਚ ਹੈਪੀ ਨਿਊ ਯੀਅਰ, ਹੈਪੀ ਨਿਊ ਯੀਅਰ ਦੀ ਗੂੰਜ ਸੁਣੇਗੀ। ਪਹਿਲੀ ਜਨਵਰੀ ਦੀ ਸਵੇਰ ਤੋਂ ਹੀ ਇਹ ਦੌਰ ਚੱਲਣ ਲੱਗ ਪਏਗਾ। ਕੁਝ ਲੋਕ ਹੈਪੀ ਨਿਊ ਈਅਰ ਕਹਿਣਗੇ ਬਜਾਇ 'ਯੀਅਰ' ਕਹਿਣ ਦੇ। ਇਹ ਕੰਮ ਸ਼ਾਮ ਦੇ ਚਾਰ ਕੁ ਵਜੇ ਤਕ ਤਾਂ ਚੱਲਦਾ ਹੀ ਰਹੇਗਾ। ਕੁਝ ਕੁ ਕਹਿਣਗੇ ਨਵੇਂ ਸਾਲ ਦੀ ਵਧਾਈ ਹੋਵੇ ਜੀ... । ਕੋਈ ਕਹੇਗਾ ਨਇਆ ਸਾਲ ਮੁਬਾਰਕ। ਫੋਕੀਆਂ ਮੁਬਾਰਕਾਂ ਦੇਣ ਵਿਚ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੇਗਾ। 
ਜਦਕਿ ਅਸੀਂ ਸ਼ਾਇਦ ਹੀ ਕਦੇ ਸੋਚਿਆ ਹੋਵੇ ਕਿ ਇਹ ਨਵਾਂ ਸਾਲ ਮੁਬਾਰਕ ਕਹਿਣ ਦੀ ਰਵਾਇਤ ਕਿਉਂ ਤੇ ਕਿਹਨੇ ਪਾਈ ਹੋਵੇਗੀ? ਅਸਲ ਵਿਚ ਇੰਨੀ ਕੁ ਗੱਲ ਹੈ ਕਿ ਜੇ ਤਾਂ ਆਪਾਂ ਨਵੇਂ ਸਾਲ ਦੀ ਆਮਦ 'ਤੇ ਇਹ ਦਿਲੋਂ ਇਹ ਤੱਹਈਆ ਕੀਤਾ ਹੋਵੇ ਕਿ ਪਿਛਲੇ ਸਾਲ ਤਕ ਕੀਤੀਆਂ ਜਾਂਦੀਆਂ ਭੁੱਲਾਂ ਨਹੀਂ ਕਰਨੀਆਂ ਤੇ ਆਪਣੇ ਸੁਭਾਅ ਦੀ ਪੜਚੋਲ ਕਰ ਕੇ ਆਪਣੇ ਆਪ ਨੂੰ ਸੁਧਾਰਣਾ ਹੈ ਫੇਰ ਤਾਂ ਹੈਪੀ ਨਿਊ ਯੀਅਰ ਕਹੋ ਜਾਂ ਨਵਾਂ ਸਾਲ ਮੁਬਾਰਕ, ਇਹਦਾ ਕੋਈ ਮਤਲਬ ਹੈ। 




... ਤੇ ਜੇ ਵੇਖੋ ਵੇਖੀ ਪਖੰਡਬਾਜ਼ੀ ਆਪਾਂ ਕਰੀਂ ਜਾਣੀ ਹੈ ਤਾਂ ਆਪਾਂ ਸਾਰੇ ਹੈਪੀ ਨਿਊ ਯੀਅਰ ਕਹਿਣ ਵਾਲੇ ਕਿਸੇ ਤਬਕੇ ਦੇ ਪਿੱਛਲੱਗ ਹੋ ਸਕਦੇ ਹਾਂ। ਲਗਭਗ ਸਾਰੀ ਦੁਨੀਆਂ ਵਿਚ ਵੇਖੋ ਵੇਖੀ ਇਹ ਨਾਅਰਾ ਲਾਇਆ ਜਾਂਦਾ ਹੈ। ਬੱਚੇ ਅੰਕਲਾਂ ਨੂੰ ... ਅੰਕਲ ਬੱਚਿਆਂ ਨੂੰ। ਨਿੱਕੇ ਵੱਡਿਆਂ ਨੂੰ ਤੇ ਵੱਡੇ ਨਿੱਕਿਆਂ ਨੂੰ, ਹੈਪੀ ਨਿਊ ਯੀਅਰ ਆਖਦੇ ਹੀ ਕੰਨੀਂ ਪੈਂਦੇ ਹਨ। ਸੇਮ ਟੂ ਯੂ- ਇਸ ਦਾ ਰਟਿਆ ਰਟਾਇਆ ਜਵਾਬ ਹੁੰਦਾ ਹੈ। 
ਹਿੰਦੋਸਤਾਨ ਵਰਗੇ ਦੇਸ ਵਿਚ ਦਾਜ ਦਹੇਜ, ਜਾਤ ਪਾਤ, ਊਚ ਨੀਚ ਤੇ ਹਜ਼ਾਰ ਮਾਨਸਕ ਅਲਾਮਤਾਂ ਹਨ੍ਹੇਰਾ ਯੁੱਗਾਂ ਤੋਂ ਤੁਰੀਆਂ ਆਉਂਦੀਆਂ ਹਨ। ਉਹ ਖਾਮੀਆਂ ਦੂਰ ਕਰਨ ਬਾਰੇ ਕਿਤਿਓਂ ਵੀ, ਕੋਈ ਵੀ, ਨਾਅਰਾ ਬੁਲੰਦ ਨਹੀਂ ਹੁੰਦਾ। ਕੁਝ ਸੱਚੇ ਸਿੱਖ, ਕੁਝ ਸੱਚੇ ਕਾਮਰੇਡ, ਕੁਝ ਸੱਚੇ ਮੁਸਲਮਾਨ ਜਾਂ ਕੁਝ ਸੱਚੇ ਈਸਾਈ ਹਨ ਜਿਨ੍ਹਾਂ ਨੇ ਆਪੋ ਆਪਣੇ ਧਰਮ ਮੁਤਾਬਕ ਤੇ ਆਪੋ ਆਪਣੀ ਜ਼ਮੀਰ ਮੁਤਾਬਕ ਸਿਧਾਂਤ ਸੰਭਾਲੇ ਹੋਏ ਹਨ। ਪਰ ਜਨਤਾ ਦੇ ਪੱਧਰ 'ਤੇ ਕੁਝ ਵੀ ਵਧੀਆ ਨਹੀਂ। ਜਨਤਾ ਨੂੰ ਨਾ ਤਾਂ ਆਪਣੇ ਧਰਮ ਦੇ ਕਿਸੇ ਸਿਧਾਂਤ ਦੀ ਸੋਝੀ ਹੈ ਤੇ ਨਾ ਹੀ ਕੁਝ ਸਿੱਖਣ ਦੀ ਲਾਲਸਾ। ਫੇਰ ਸੁਧਾਰ ਕਿੱਦਾਂ ਹੋਵੇਗਾ? ਆਖੋ, ਹੈਪੀ ਨਿਊ ਯੀਅਰ! ਚੱਲੋ, ਸੇਮ ਟੂ ਯੂ। 
ਕਲ੍ਹ ਮੈਂ ਇਕ ਅਖ਼ਬਾਰ ਵਿਚ ਲੇਖ ਪੜ੍ਹ ਰਿਹਾ ਸੀ ਕਿ ਮਲਟੀਪਲੈਕਸਾਂ ਦੀ ਬਾਲਕੋਨੀ ਵਿਚ ਪਰਵਾਰਾਂ ਦਾ ਇਕੱਠੇ ਬੈਠ ਕੇ ਫਿਲਮ ਵੇਖਣਾ ਔਖਾ ਹੋ ਚੁੱਕਾ ਹੈ। ਕਿਉਂਕਿ ਜਿਹੜੀ 'ਚਵਾਨੀ ਕਲਾਸ' ਜਨਤਾ ਪੈਸੇ ਨਾ ਹੋਣ ਕਰਕੇ ਪੁਰਾਣੇ ਢੰਗ ਦੇ ਸਿਨਮੇ ਵਿਚ ਬਾਲਕੋਨੀ ਤੋਂ ਹੇਠਾਂ ਪਹਿਲੀਆਂ ਸੀਟਾਂ ਉੱਤੇ ਬੈਠ ਕੇ ਫਿਲਮਾਂ ਵੇਖਦੀ ਸੀ, ਉਸ ਤਬਕੇ ਕੋਲ ਹੁਣ ਪੈਸੇ ਆਉਣ ਕਰ ਕੇ ਉਹ ਟਿਕਟ ਵੀ ਬਾਲਕੋਨੀ ਦੀ ਲੈਂਦੇ ਹਨ ਤੇ ਹੂੜਮੱਤ ਕਾਰਨ ਚੀਕ ਚਿਹਾੜਾ ਪਾਉਣੋਂ ਵੀ ਨਹੀਂ ਖੁੰਝਦੇ। ਇਹ ਹੈ ਸਾਡਾ ਹਾਲ। ਕੀ ਸਾਡੀ ਮੁੰਡੀਰ ਜਾਂ ਭਟਕੇ ਬੁੱਢਿਆਂ ਨੂੰ ਆਪਣੇ ਅੰਦਰ ਝਾਤੀ ਨਹੀਂ ਮਾਰਨੀ ਚਾਹੀਦੀ ਕਿ ਸਾਨੂੰ ਕੋਈ ਵਿਦਵਾਨ ਲਿਖਾਰੀ 'ਚਵਾਨੀ ਕਲਾਸ ਦਰਸ਼ਕ' ਆਖਦਾ ਹੈ ਤੇ ਆਪਾਂ ਸੁਧਾਰ ਵੀ ਨਹੀਂ ਕਰਦੇ। ਖੈਰ ਚਵਾਨੀ ਕਲਾਸ ਸਿਨਮਾ ਦਰਸ਼ਕਾਂ ਦੀ ਗੱਲ ਫੇਰ ਕਦੇ। ਪਿਆਰਿਓ ਆਖੋ, ਹੈਪੀ ਨਿਊ ਯੀਅਰ। 
ਨਵੇਂ ਸਾਲ ਨੂੰ ਜੀ ਆਇਆ ਕਹਿੰਦਿਆਂ, ਸਾਨੂੰ ਅਨੇਕਾਂ ਸਾਲ ਬੀਤ ਗਏ। ਆਪਣੀ ਸੋਚ ਵਿਚੋਂ ਔਗੁਣਾਂ ਦੀ ਪੰਡ ਤਾਂ ਅਸੀਂ ਕੱਢ ਨਹੀਂ ਸਕੇ ਬਸ ਗੋਰੇ ਅੰਗਰੇਜ਼ਾਂ ਬਾਰੇ ਸੁਣਿਆ ਹੋਇਆ ਹੈ ਕਿ ਗੋਰੇ ਨਵਾਂ ਸਾਲ ਚੜ੍ਹਨ 'ਤੇ ਏਦਾਂ ਹੈਪੀ ਨਿਊ ਯੀਅਰ ਆਖ ਕੇ ਮੁਬਾਰਕਾਂ ਦਿੰਦੇ ਹਨ, ਸੋ ਆਪਾਂ ਵੀ ਬਣਨ ਲੱਗ ਪੈਂਦੇ ਆਂ ਅੰਗਰੇਜ਼। ਆਖੋ, ਹੈਪੀ ਨਿਊ ਯੀਅਰ
ਕਿਸੇ ਵੀ ਰੀਤ ਨੂੰ ਨਿਭਾਉਣ ਲੱਗੇ ਕੋਈ ਹਰਜ ਨਹੀਂ ਹੁੰਦਾ ਤੇ ਕਿਸੇ ਨੂੰ ਮੁਬਾਰਕ ਦੇਣ ਦੀ ਕਸਰਤ ਤੋਂ ਕਿਸੇ ਸੱਜਣ ਨੂੰ ਰੋਕਿਆ ਵੀ ਨਹੀਂ ਜਾ ਸਕਦਾ ਹੁੰਦਾ ...ਪਰ ਜੇ ਗੱਲ ਸੰਵੇਦਨਸ਼ੀਲਤਾ ਪੱਖੋਂ ਕਰਨੀ ਹੋਵੇ ਤਾਂ ਵਿਚਲੀ ਗੱਲ ਇਹ ਹੈ ਕਿ ਕਦੋਂ ਤਕ ਅਸੀਂ ਸਮਾਜਕ ਵਿਖਾਵੇ ਦੀ ਦੌੜ ਵਿਚ ਹਿੱਸਾ ਲੈਂਦੇ ਰਹਾਂਗੇ? ਨਵਾਂ ਸਾਲ ਮੁਬਾਰਕ ਕਹਿਣ ਵਿਚ ਭਾਵੇਂ ਕੋਈ ਭੈੜ ਨਹੀਂ ਹੁੰਦੀ ਪਰ ਸਵਾਲ ਇਹ ਹੈ ਕਿ ਆਪਾਂ ਕਹਿ ਕਿਹਨੂੰ ਰਹੇ ਹਾਂ? ਤੇ ਕਿਉਂ ਕਹਿ ਰਹੇ ਹਾਂ? ਜੇ ਨਵਾਂ ਸਾਲ ਆ ਵੀ ਗਿਆ ਤੇ ਨਵੇਂ ਸਾਲ ਦਾ ਪਹਿਲਾ ਦਿਨ ਚੜ੍ਹ ਵੀ ਗਿਆ ਤਾਂ ਕੀ ਹਨੇਰੀ ਝੁੱਲ ਜਾਏਗੀ? ਓਦਾਂ ਦਾ ਹੀ ਦਿਨ ਹੋਵੇਗਾ ਜਿੱਦਾਂ ਬਾਕੀ ਦਿਨ ਚੜ੍ਹਦੇ ਹੁੰਦੇ ਸੀ।  ਇਕ ਭੇਤ ਵਾਲੀ ਗੱਲ ਦੱਸਾਂ ਤਾਂ ਇਸ ਹੈਪੀ ਨਿਊ ਯੀਅਰ ਕਹਿਣ ਤੇ ਕਹਾਉਣ ਦੇ ਰੁਝਾਨ ਪਿੱਛੇ ਵੀ ਖੁੱਲ੍ਹੀ ਮੰਡੀ ਹੈ। ਇਕ ਵੱਡਾ ਬਜ਼ਾਰ ਹੈ ਇਸ ਵਰਤਾਰੇ ਦੇ ਪਿੱਛੇ..! ਐਵੇਂ ਭੋਲੇ ਭਾਲੇ ਨਾ ਸਮਝਿਓ। ਜਿਨ੍ਹਾਂ ਸਾਨੂੰ ਹੈਪੀ ਨਿਊ ਯੀਅਰ ਕਹਿਣ ਆਦਤ ਪਾ ਦਿੱਤੀ। 

* * * * *
ਇਸ ਬਜ਼ਾਰ ਦੇ ਲੋਕ ਚਾਹੁੰਦੇ ਹਨ, ''ਗਾਹਕ ਇਕ ਦੂਜੇ ਨੂੰ ਗਰੀਟਿੰਗ ਕਾਰਡ ਖਰੀਦ ਕੇ ਦੇਣ। ਕਾਰਡ ਭੇਜਣ। ਐਸਐਮਐਸ ਭੇਜਣ।'' ਹਰੇਕ ਦੁਕਾਨਦਾਰ ਨੇ ਆਪਣੀ ਵਸਤ ਵੇਚਣੀ ਹੈ। ਫੇਰ ਦੁਕਾਨਦਾਰ ਤੋਂ ਅੱਗੇ ਬੈਠਾ ਹੈ ਵਸਤਾਂ ਦਾ ਜ਼ਖੀਰੇਬਾਜ਼। ਉਸ ਤੋਂ ਅੱਗੇ ਬੈਠਾ ਹੈ ਉਤਪਾਦਕ। ਬਜ਼ਾਰਵਾਦ ਉੱਤੇ ਭਾਰੂ ਉਹ ਸਾਰੇ ਲੋਕ ਜੇ ਏਦਾਂ ਹੈਪੀ.. ਹੈਪੀ.. ਕਹਿਣ ਦੀ ਹਵਾ ਨਾ ਚਲਾਉਣਗੇ ਤਾਂ ਉਨ੍ਹਾਂ ਦੀਆਂ ਤਿਜੌਰੀਆਂ ਕਦੇ ਵੀ ਭਰ ਨਹੀਂ ਸਕਣਗੀਆਂ। ਲੱਖਾਂ, ਕਰੋੜਾਂ ਦੀ ਗਿਣਤੀ ਵਿਚ ਛੱਪਦੇ ਹਨ ਗਰੀਟਿੰਗ ਕਾਰਡ। ਜਿਹੜਾ ਕਾਰਡ ਅਸੀਂ 15 ਜਾਂ 20 ਰੁਪਏ ਦਾ ਖਰੀਦਦੇ ਹਾਂ ਉਹ ਵੇਚਣ ਵਾਲੇ ਨੂੰ ਹੀ 5 ਰੁਪਏ ਤੋਂ ਸਸਤਾ ਮਿਲਿਆ ਹੁੰਦਾ ਹੈ। ਵੱਡਾ ਕਾਰੋਬਾਰੀ ਜਾਲ ਹੈ ਇਸ ਧੰਦੇ ਪਿੱਛੇ। 
ਕਿਸੇ ਵੀ ਮੌਕੇ 'ਤੇ ਵਿਸ਼ ਕਰਨ ਦਾ ਕੋਈ ਅਸਲੀ ਤੇ ਡੂੰਘਾ ਮਤਲਬ ਤਾਂ ਹੁੰਦਾ ਹੈ ਕਿ ਜੇ ਅਸੀਂ ਬੋਦੀਆਂ ਹੋ ਚੁੱਕੀਆਂ ਸਮਾਜਕ ਕੁਰੀਤੀਆਂ ਨੂੰ ਆਪਣੇ ਮਨੋਂ ਕੱਢ ਦੇਣਾ ਚਾਹੁੰਦੇ ਹਾਂ। ਸਮਾਜਕ ਕੁਰੀਤੀਆਂ ਵਿਰੁੱਧ ਬੁਲੰਦ ਬਾਂਗ ਅਵਾਜ਼ ਕੱਢਣ ਲਈ ਤਿਆਰ ਹਾਂ ਤਾਂ ਫੇਰ ਸਾਨੂੰ ਨਵੇਂ ਸਾਲ ਦਾ ਪਹਿਲਾ ਦਿਨ ਮਨਾ ਲੈਣਾ ਚਾਹੀਦਾ ਹੈ। ਜੇ ਆਪਾਂ ਓਹੀ ਸਭ ਕਰੀਂ ਜਾਣਾ ਹੈ ਜਿਹਦੇ ਕਰ ਕੇ ਸਾਡੇ ਬਾਰੇ ਚੁਟਕਲੇ ਬਣਾ ਕੇ ਸੁਣਾਏ ਜਾਂਦੇ ਹਨ ਤਾਂ ਸਾਨੂੰ ਇੰਡੀਅਨਾਂ ਨੂੰ ਹੱਕ ਨਹੀਂ ਕਿ ਅਸੀਂ ਅੰਗਰੇਜ਼ਾਂ ਦੀ ਰੀਸੋ ਰੀਸ ਹੈਪੀ ਨਿਊ ਯੀਅਰ, ਹੈਪੀ ਨਿਊ ਯੀਅਰ  ਕਹਿੰਦੇ ਫਿਰੀਏ। ਆਓ ਇਸ ਇਤਿਹਾਸਕ ਮੌਕੇ 'ਤੇ ਇਹ ਅਹਿਦ ਲਈਏ ਕਿ ਅਸੀਂ ਆਪਣੇ ਔਗੁਣਾਂ ਵਿਚ ਘੱਟੋ ਘੱਟ ਇਕ ਨੂੰ ਤਾਂ ਦੂਰ ਕਰਨ ਲਈ ਸਿਰਤੋੜ ਕੋਸ਼ਿਸ਼ ਕਰਾਂਗੇ ਹੀ। ਓਕੇ, ਬਾਏ, ਹੈਪੀ ਨਿਊ ਯੀਅਰ..!!!
- ਯਾਦਵਿੰਦਰ, 9465329617 

Thursday, December 22, 2011

ਦੁੱਖਾਂ ਨਾਲ ਭਰੀ ਜ਼ਿੰਦਗੀ ਵਿਚ ਹੋ ਸਕਦੀ ਹੈ ਸੁੱਖਾਂ ਦੀ ਵਰਖਾ !




- ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਅਕਸਰ ਉਸ ਬਾਰੇ ਸੋਚਿਆ ਜਾਂਦਾ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਬਹੁਤ ਸੰਘਰਸ਼ ਕੀਤਾ। ਬਚਪਨ ਤੋਂ ਹੀ ਉਸ ਨੂੰ ਸੰਘਰਸ਼ ਕਰਨਾ ਪਿਆ ਤੇ ਉਸ ਨੇ ਜ਼ਿੰਦਗੀ ਵਿਚ ਕਈ ਜੱਫਰ ਜਾਲ ਕੇ ਸਮਾਜ ਵਿਚ ਰੁਤਬਾ ਬਣਾਇਆ। ਅਸੀਂ ਇਹੋ ਜਿਹੀਆਂ ਗੱਲਾਂ ਸੁਣਦੇ ਜ਼ਰੂਰ ਹਾਂ ਪਰ ਇਸ ਪਿੱਛੇ ਜਿਹੜਾ 'ਪਹਿਲੂ' ਲੁਕਿਆ ਪਿਆ ਹੈ, ਉਸ ਬਾਰੇ ਨਹੀਂ ਸੋਚਦੇ। ਉਹ ਪਹਿਲੂ ਇਹ ਹੈ ਕਿ ਕਿਉਂ ਵਿਅਕਤੀ ਨੂੰ ਜਾਨ-ਹੂਲਵਾਂ ਸੰਘਰਸ਼ ਕਰਨਾ ਪੈਂਦਾ ਹੈ? 
ਕਈ ਸਮਾਜ ਵਿਗਿਆਨੀ ਤੇ ਉਤਸ਼ਾਹ-ਉਪਦੇਸ਼ਕ ਆਖਦੇ ਹਨ ਕਿ ਜੇ ਕਿਸੇ ਮਨੁੱਖ ਨੂੰ ਸੰਘਰਸ਼ ਹੀ ਨਾ ਕਰਨਾ ਪਵੇ ਤਾਂ ਉਹ ਕਦੇ ਵੀ ਪਕਰੋੜ (ਮੈਚਿਓਰ) ਨਹੀਂ ਹੋ ਸਕਦਾ। ਮਨੁੱਖ ਨੂੰ ਪਰਪੱਕ ਕਰਨ ਲਈ ਹੀ ਪਰਮਾਤਮਾ ਨੇ ਇਹ ਪ੍ਰਬੰਧ ਸਿਰਜਿਆ ਹੈ ਕਿ ਮਨੁੱਖ ਲਈ ਸੰਘਰਸ਼ ਜੀਊਣ ਦੀ ਲਾਜ਼ਮੀ ਸ਼ਰਤ ਹੈ। ਹਾਂ, ਇਹ ਗੱਲ ਕਿਸੇ ਹੱਦ ਤਕ ਬਿਨਾਂ ਸ਼ੱਕ ਦਰੁਸਤ ਹੈ। ਪਰ ਆਪਾਂ ਇਥੇ ਜਿਹੜਾ ਪੱਖ ਵੀਚਾਰ ਰਹੇ ਹਾਂ ਉਹ ਇਹ ਹੈ ਕਿ ਮਨੁੱਖ ਦਾ ਸੰਘਰਸ਼ ਜਾਨ-ਹੂਲਵਾਂ ਤੇ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਸੁਣ ਕੇ ਕਾਂਬਾ ਛਿੜ ਪਵੇ। 
ਖ਼ਾਸਕਰ ਭਾਰਤੀ ਉਪਮਹਾਦੀਪ ਦੇ ਜਿੰਨੇ ਦੇਸ਼ ਹਨ, ਜਿਵੇਂ ਭਾਰਤ, ਪਾਕਿਸਤਾਨ, ਅਫ਼ਗ਼ਾਨਿਸਤਾਨ, ਨੇਪਾਲ, ਸ੍ਰੀਲੰਕਾ ਇਥੇ ਜਨਮੇ ਵਿਅਕਤੀ ਨੁੰ ਰੋਟੀ ਖਾਣ ਲਈ ਤੇ ਆਪਣੇ ਇਲਾਜ ਲਈ ਬਹੁਤ ਵੱਡੇ ਸੰਘਰਸ਼ ਵਿਚੋਂ ਨਿਕਲਣਾ ਪੈਂਦਾ ਹੈ। ਕਈ ਵਾਰ ਤਾਂ ਮਨੁੱਖ ਸਾਰੀ ਉਮਰ ਆਪਣਾ ਖੂਨ ਸਾੜ ਕੇ ਅੰਤਾਂ ਦੀ ਮਿਹਨਤ ਕਰਕੇ ਵੀ ਰੋਟੀ ਕਮਾਉਣ ਦੇ ਗੇੜ ਵਿਚੋਂ ਬਾਹਰ ਨਹੀਂ ਨਿਕਲਦਾ। ਜੇ ਅਸੀਂ ਕਹੀਏ ਕਿ ਮਨੁੱਖ ਦੀ ਨੀਤ ਵਿਚ ਖੋਟ ਸੀ ਤਾਂ ਇਹ ਸਿਰਫ ਬਦਮਾਸ਼ ਵਿਵਸਥਾ ਦੇ ਹੱਕ ਵਿਚ ਜਾਣ ਵਾਲੀ ਗੱਲ ਹੋਵੇਗੀ। ਕੋਈ ਵਿਅਕਤੀ ਨਿੱਕੇ ਹੁੰਦੇ ਥੋੜ੍ਹਾ ਬਹੁਤ ਬੇਈਮਾਨ ਹੋ ਸਕਦਾ ਹੈ ਕਿ ਉਹ ਆਪਣੀ ਪੜ੍ਹਾਈ ਮਨ ਲਾ ਕੇ ਨਾ ਕਰਦਾ ਹੋਵੇ। ਪਰ ਜਦੋਂ ਉਹ ਹੋਸ਼ ਸੰਭਾਲਦਾ ਹੈ। ਫੇਰ ਉਸ ਦਾ ਵਿਆਹ ਹੁੰਦਾ ਹੈ। ਖਰਚੇ ਵੱਧ ਜਾਂਦੇ ਹਨ। ਫੇਰ ਬੱਚੇ ਪੈਦਾ ਹੁੰਦੇ ਹਨ। ਹਸਪਤਾਲ ਵਾਲਿਆਂ ਹੱਥੋਂ ਮੂਰਖ ਬਣ ਕੇ ਉਹ ਮੋਟੇ ਮੋਟੇ ਬਿਲ ਦੇ ਕੇ ਆਉਂਦਾ ਹੈ ਤਾਂ ਇੰਨੀ ਕਰੜੀ ਪ੍ਰਕਿਰਿਆ ਵਿਚੋਂ ਲੰਘੇ ਵਿਅਕਤੀ ਬਾਰੇ ਇਹ ਗੱਲ ਕੱਤਈ ਤੌਰ 'ਤੇ ਨਹੀਂ ਕਹੀ ਜਾ ਸਕਦੀ ਕਿ ਮਨੁੱਖ ਆਪਣੇ ਕੈਰੀਅਰ ਪ੍ਰਤੀ ਜਾਂ ਆਪਣੇ ਭਵਿੱਖ ਪ੍ਰਤੀ ਈਮਾਨਦਾਰ ਨਹੀਂ ਸੀ। ਕਿਸੇ ਹੋਰ ਨੂੰ ਮੂਰਖ ਬਣਾਉਣਾ ਹੋਰ ਗੱਲ ਹੁੰਦੀ ਹੈ ਜਦਕਿ ਆਪਣੇ ਆਪ ਨੂੰ ਮੂਰਖ ਬਣਾਉਣ ਵਾਲੇ ਦੀ ਅੰਦਰੋਂ ਰੂਹ ਕੰਬਦੀ ਹੁੰਦੀ ਹੈ।
ਇਹ ਗੱਲ ਹੁਣ ਤਕ ਦੇ ਅਧਿਐਨ ਤੋਂ ਸਪਸ਼ਟ ਹੈ ਕਿ ਹਰੇਕ ਮਨੁੱਖ ਤਰੱਕੀ ਕਰਨੀ ਚਾਹੁੰਦਾ ਹੈ। ਪਰ ਭਾਰਤ ਤੇ ਭਾਰਤੀ ਉਪਮਹਾਦੀਪ ਦੇ ਦੇਸ਼ਾਂ ਵਿਚ ਗਰੀਬ ਵਿਅਕਤੀ ਦਾ ਜੀਵਨ ਕਰੜਾ ਹੈ। ਪੈਸੇ ਉੱਤੇ ਤੇ ਪੈਸੇ ਬਣਾ ਸਕਦੇ ਸਾਰੇ ਵਸੀਲਿਆਂ, ਸਾਰੇ ਕਾਰੋਬਾਰਾਂ ਉੱਤੇ ਜੱਫਾ ਮਾਰ ਕੇ ਬੈਠੇ ਲੋਕਾਂ ਵਲੋਂ ਪੈਦਾ ਕੀਤੇ ਹਾਲਾਤ, ਮਿਹਨਤ ਮਜ਼ਦੂਰੀ ਦਾ ਮਿਹਨਤਾਨਾ ਇੰਨਾ ਘੱਟ ਹੁੰਦਾ ਹੈ ਕਿ ਸ਼ਰੀਫ ਵਿਅਕਤੀ ਰੋਟੀ ਖਾਣ ਲੱਗੇ ਵੀ ਕਰੜੇ ਸੰਘਰਸ਼ ਵਿਚੋਂ ਲੰਘਦਾ ਹੈ। ਰੋਟੀ ਖਾਣ ਲਈ ਤੇ ਮਾੜੀ ਮੋਟੀ ਜ਼ਿੰਦਗੀ ਚਲਾਉਣ ਲਈ ਉਸ ਨੂੰ ਕਈ ਤਰ੍ਹਾਂ ਦੇ ਸ਼ੋਸ਼ਣ ਕਰਾਉਣੇ ਪੈਂਦੇ ਹਨ। ਬਦਮਾਸ਼ ਲੋਕਾਂ ਨੂੰ ਮਾਣ ਦੇਣਾ ਪੈਂਦਾ ਹੈ। ਫੇਰ ਵੀ ਉਸ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਨਹੀਂ ਆਉਂਦੀ। ਧਨਾਢ ਲੋਕਾਂ ਲਈ ਹੋਟਲ ਹਨ, ਰੈਸਟੋਰੈਂਟ ਹਨ, ਸ਼ਰਾਬ ਬੀਅਰ ਦੇ ਬਾਰ ਹਨ, ਮੋਟਲ ਹਨ। ਯਕੀਨੀ ਤੌਰ 'ਤੇ ਇਹ ਗੱਲ ਸੱਚ ਹੈ ਕਿ ਸੜਕਾਂ ਉੱਤੇ ਬਣੇ ਇਹ ਹੋਟਲ ਤੇ ਮੋਟਲ ਖੁੱਲ੍ਹੇ ਹਨ ਤਾਂ ਕੋਈ ਧਨਾਢ ਇਨ੍ਹਾਂ ਵਿਚ ਜਾਂਦਾ ਵੀ ਹੋਵੇਗਾ। ਉਥੇ ਸ਼ਰਾਬ-ਬੀਅਰ ਵਿਕਦੀ ਹੈ ਤਾਂ ਕੋਈ ਪੀਂਦਾ ਵੀ ਹੋਵੇਗਾ। ਉਥੇ ਦਿਨੇਂ ਨਾਚ ਗਾਣਾ ਚੱਲਦਾ ਹੈ ਤਾਂ ਕੋਈ ਦੇਖਣ ਵੀ ਜਾਂਦਾ ਹੋਵੇਗਾ। ਜਦਕਿ ਸੱਚ ਤਾਂ ਇਹ ਹੈ ਕਿ ਉਥੇ ਸ਼ਰਾਬ, ਕਬਾਬ ਤੇ ਸ਼ਬਾਬ ਦੀ ਤ੍ਰਿਪਤੀ ਲਈ ਹੀ ਸੇਵਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ।
ਹੁਣ ਆਪਾਂ ਆਉਂਦੇ ਹਾਂ ਇਕ ਸਧਾਰਨ ਸ਼ਰੀਫ ਵਿਅਕਤੀ ਵੱਲ ਜਿਹਦੇ ਕੋਲ ਪਿਓ-ਦਾਦੇ ਵਲੋਂ ਮਿਲੀ ਜਾਇਦਾਦ ਨਹੀਂ ਹੁੰਦੀ। ਉਹਦੇ ਕੋਲ ਇਕ ਸ਼ਰਾਫਤ, ਸੰਗਾਊਪੁਣਾ ਹੁੰਦਾ ਹੈ। ਜਿਸ ਕਾਰਨ ਉਹ ਜਿਸ ਪਿੰਡ ਜਾਂ ਗਲੀ ਵਿਚ ਪੈਦਾ ਹੁੰਦਾ ਹੈ, ਉਥੇ ਮਖੌਲ ਦਾ ਪਾਤਰ ਬਣਦਾ ਹੈ। ਜਿਸ ਕਾਰੋਬਾਰੀ ਸੰਸਥਾ ਦੇ ਨਾਲ ਕੰਮ ਕਰਦਾ ਹੈ, ਉਥੇ ਮਖੌਲ ਦਾ ਪਾਤਰ ਬਣਦਾ ਹੈ। ਪਰ ਗਰੀਬ ਆਦਮੀ ਦਾ ਸਸ਼ਕਤੀਕਰਣ ਕਿਵੇਂ ਕਰਨਾ ਹੈ? ਜਾਂ ਗਰੀਬ ਨੂੰ ਕੋਈ ਤਾਕਤ ਕਿਵੇਂ ਦੇਣੀ ਹੈ, ਬਾਰੇ ਕੋਈ ਨਹੀਂ ਸੋਚਦਾ। 
ਭਾਰਤ ਵਿਚ ਜੂਆਰੀਏ ਦਿਨਾਂ ਵਿਚ ਹੀ ਕਰੋੜਾਂਪਤੀ ਬਣ ਜਾਂਦੇ ਹਨ ਤੇ ਗਰੀਬ ਆਦਮੀ ਦੀ ਰੋਟੀ ਦੀ ਖੇਡ ਨਹੀਂ ਮੁੱਕਦੀ। ਭਾਰਤ ਵਿਚ ਸਰਕਾਰ ਇਸ ਪੱਖੋਂ ਸੰਜੀਦਾ ਨਹੀਂ ਹੈ ਕਿ ਕਿਸੇ ਗਰੀਬ ਨੂੰ ਉਤਾਂਹ ਚੁੱਕਣਾ ਹੈ। ਗਰੀਬਾਂ ਵਿਚੋਂ ਜਿਹੜੇ ਤਿਕੜਮਬਾਜ਼ ਜਾਂ ਗੈਰ ਇਖਲਾਕੀ ਹੁੰਦੇ ਹਨ ਉਹ ਕਈ ਵਾਰ ਰੋਟੀ ਕਮਾਉਣ ਦੇ ਪੱਧਰ ਤੋਂ ਉੱਪਰ ਚਲੇ ਜਾਂਦੇ ਹਨ, ਨਹੀਂ ਤਾਂ ਆਮ ਗਰੀਬ ਆਦਮੀ ਆਪਣੀ ਸ਼ਰਾਫਤ ਤੇ ਅਸੂਲਾਂ ਉੱਤੇ ਮਾਣ ਕਰਦਾ ਰਹਿੰਦਾ ਹੈ ਤੇ ਨਿਰਲੱਜ ਲੋਕ ਉਸ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ। ਜਦਕਿ ਇਕ ਮਨੋ ਵਿਗਿਆਨਕ ਸੱਚਾਈ ਹੈ ਕਿ ਡਰ ਤੋਂ ਅੱਗੇ ਜਿੱਤ ਹੁੰਦੀ ਹੈ। ਜਿਹੜਾ ਮਨੁੱਖ ਆਪਣੇ ਮਨ ਦੀਆਂ ਬਿਰਤੀਆਂ ਤੇ ਡਰ, ਸੰਸਿਆਂ ਆਦਿ ਨੁੰ ਉਲੰਘਣ ਦੀ ਕੋਸ਼ਿਸ਼ ਕਰਦਾ ਹੈ, ਸ਼ੁਰੂ ਵਿਚ ਉਸ ਨੂੰ ਬੁਰਾ ਲੱਗਦਾ ਹੈ ਪਰ ਅਖ਼ੀਰ ਉਹ ਆਪਣੇ ਡਰਾਂ ਤੋਂ ਬਹੁਤ ਅੱਗੇ ਨਿਕਲ ਜਾਂਦਾ ਹੈ। 
ਸਾਰੇ ਅਮੀਰ ਇਸ ਗੱਲੋਂ ਇਕਮਤ ਹਨ ਕਿ ਭਾਰਤ ਵਿਚ ਗਰੀਬ ਜ਼ਰੂਰ ਰਹਿਣੇ ਚਾਹੀਦੇ ਹਨ। ਕਿਉਂਕਿ ਜੇ ਗਰੀਬ ਵਰਗ ਖ਼ਤਮ ਹੋ ਗਿਆ ਤਾਂ ਲੇਬਰ ਕੌਣ ਕਰੇਗਾ। ਜੇ ਮਜ਼ਦੂਰ ਮੁੱਕ ਗਏ ਤਾਂ ਨਵੇਂ ਨਵੇਂ ਖੁੱਲ੍ਹ ਰਹੇ ਕਾਰਖਾਨਿਆਂ ਵਿਚ ਨਿੱਕੀ ਜਿਹੀ ਤਨਖਾਹ ਉੱਤੇ ਕੌਣ ਕੰਮ ਕਰੇਗਾ? ਇਸੇ ਮਜ਼ਦੂਰ ਤਬਕੇ ਨੂੰ ਰੋਲ ਕੇ ਰੱਖਣ ਲਈ ਬਹੁਤ ਹੀ ਨਿਗੂਣੀ ਜਿਹੀ ਤਨਖਾਹ ਮੁਕੱਰਰ ਕੀਤੀ ਜਾਂਦੀ ਹੈ। ਬੰਦਾ ਭਾਵੇਂ ਲੱਖ ਫੈਕਟਰੀਆਂ ਬਦਲ ਲਵੇ ਪਰ ਦੋ ਤਿੰਨ ਸੌ ਰੁਪਏ ਤੋਂ ਵੱਧ ਤਨਖਾਹ ਨਹੀਂ ਵੱਧਦੀ। ਗਰੀਬ ਆਦਮੀ ਨੂੰ ਗਰੀਬ ਰੱਖਣ ਵਿਚ ਇਸ ਸਿਸਟਮ ਨੇ ਹਜ਼ਾਰ ਬੇੜੀਆਂ ਪਾਈਆਂ ਹਨ। 
ਗਰੀਬਾਂ ਨੂੰ ਮੂਰਖ ਬਣਾਈ ਰੱਖਣ ਲਈ ਹੀ ਅਜਿਹੇ ਚਾਤਰ ਚਲਾਕਾਂ ਨੇ 'ਕਿਸਮਤ' ਲਫਜ਼ ਨੂੰ ਲੋੜ ਤੋਂ ਵੱਧ ਤੂਲ ਦਿੱਤੀ ਹੁੰਦੀ ਹੈ ਤਾਂ ਕਿ ਮਿੱਧੇ ਜਾ ਰਹੇ ਗਰੀਬ ਲੋਕ ਆਪਣਾ ਹੱਕ ਹੀ ਨਾ ਸਮਝ ਸਕਣ। ਗਰੀਬਾਂ ਨੂੰ ਇਹ ਵੀ ਸਮਝ ਨਹੀਂ ਹੁੰਦੀ ਕਿ ਨਸ਼ਿਆਂ ਵਿਚ ਧੁੱਤ ਅਖੌਤੀ ਬਾਬੇ ਜੋ ਕਿ ਉਨ੍ਹਾਂ ਦੀ ਸ਼ਰਧਾ ਦੇ ਪਾਤਰ ਹੁੰਦੇ ਹਨ, ਅਸਲ ਵਿਚ ਕਾਰਖਾਨੇਦਾਰਾਂ ਤੇ ਚਾਤਰ ਅਮੀਰਾਂ ਦੇ ਏਜੰਟ ਹੁੰਦੇ ਹਨ ਕਿਉਂਕਿ ਅਜਿਹੇ ਵੰਨ ਸੁਵੰਨੇ ਬਾਬੇ ਪਹਿਲਾਂ ਕੰਮ ਤਾਂ ਇਹ ਕਰਦੇ ਹਨ ਕਿ ਕਿਤੇ ਮਿਰਚੀ ਸ਼ਾਹ ਜਾਂ ਚਮਚੇ ਸ਼ਾਹ, ਟਾਲੀ ਸ਼ਾਹ ਆਦਿ ਪੁੱਠੇ ਸਿੱਧੇ ਨਾਂ ਰੱਖ ਕੇ ਮਜ਼ਾਰ ਬਣਾ ਲੈਂਦੇ ਹਨ ਤੇ ਫੇਰ ਸੱਭਿਆਚਾਰਕ ਮੇਲੇ ਕਰਾਉਂਦੇ ਹਨ। ਲੋਕਾਂ ਦਾ ਚੜਾਵਾ ਲੁੱਟ ਕੇ ਉਥੇ ਗਾਉਣ ਵਾਲਿਆਂ ਨੂੰ ਤੇ ਹਾਜ਼ਰੀਨ ਨੂੰ ਪੈਸਿਆਂ ਵਾਲੇ ਨੋਟ ਵੰਡ ਦਿੰਦੇ ਹਨ। ਫੋਕੀ ਬੱਲੇ ਬੱਲੇ ਕਰਾ ਕੇ ਗਰੀਬਾਂ ਨੂੰ ਖੁਸ਼ ਕਰ ਦਿੰਦੇ ਹਨ। ਇਸ ਕਾਰਨ ਗਰੀਬਾਂ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਜੋ ਦੇਣਾ ਹੈ ਬਾਬਿਆਂ ਤੇ ਦਾਤਿਆਂ ਨੇ ਦੇਣਾ ਹੈ। ਗਰੀਬ ਮਨੁੱਖ ਅੰਦਰ ਇਸੇ ਕਰਕੇ ਕਦੇ ਵੀ ਹੋਰ ਮਿਹਨਤ ਕਰਨ ਦਾ ਵਿਚਾਰ ਨਹੀਂ ਉਭਰਦਾ। ਜਦਕਿ ਜ਼ਿੰਦਗੀ ਵਿਚ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ, ਉਹ ਵਿਚਾਰ ਹੈ, ਆਈਡੀਆ ਹੈ। ਗਰੀਬਾਂ ਨੁੰ ਲੁੱਟਣ ਤੇ ਕਿਸਮਤ ਦੇ ਪਿੱਛਲੱਗ ਬਣਾਈ ਰੱਖਣ ਲਈ ਪੰਜ-ਸ਼ਬਦੀ ਜਾਂ ਪੰਜ-ਅੱਖਰੀ ਨਾਮ ਦੇਣ ਵਾਲੇ ਵੰਨ ਸੁਵੰਨੇ ਢੌਂਗੀ ਬਾਬੇ ਵੀ ਕਿਸੇ ਤੋਂ ਘੱਟ ਨਹੀਂ। ਗਰੀਬ ਵਿਅਕਤੀ ਨੂੰ ਮੌਤ ਦੇ ਅਖ਼ੀਰਲੇ ਦਿਨ ਤਕ ਇਹ ਗੱਲ ਸਮਝ ਨਹੀਂ ਪੈਂਦੀ ਕਿ ਉਸ ਦੇ ਹਾਲਾਤ ਲਈ ਉਸ ਦੀ ਵਿਰਾਸਤੀ ਗਰੀਬੀ ਹੀ ਨਹੀਂ ਸਗੋਂ ਸਮਾਜ ਨੂੰ ਚੰਮੜੀਆਂ ਉਹ ਜ਼ੋਕਾਂ ਜਿੰਮੇਵਾਰ ਹਨ ਜੋ ਕਿ ਗਰੀਬਾਂ ਦੀ ਵੱਡੀ ਗਿਣਤੀ ਬਣਾਈ ਰੱਖਣ ਲਈ ਨੀਤੀਆਂ ਬਣਾਉਂਦੀਆਂ ਹਨ। ਗਰੀਬਾਂ ਦਾ ਦਿਮਾਗ ਪੁੱਠੇ ਪਾਸੇ ਲਾਈ ਰੱਖਣ ਲਈ ਹੀ ਰੱਬ ਬਾਰੇ ਝੂਠੇ ਪ੍ਰਚਾਰ, ਝੂਠੇ ਡਰ ਭੈਅ ਦੀਆਂ ਕਹਾਣੀਆਂ ਬਣਾ ਕੇ ਪ੍ਰਚਾਰੀਆਂ ਜਾਂਦੀਆਂ ਹਨ। ਗਰੀਬ ਜੇ ਕਿਤੇ ਸ਼ਰਾਬ ਦਾ ਇਕ ਅੱਧਾ ਪੈੱਗ ਲਾ ਲਵੇ ਤਾਂ ਉਹ ਸ਼ਰਾਬੀ ਤੇ ਧਨਾਢ ਭਾਵੇਂ ਸਾਰਾ ਦਿਨ ਰਿਜ਼ੋਰਟ ਵਿਚ ਬਹਿ ਕੇ ਅੱਯਾਸ਼ੀ ਕਰਦੇ ਰਹਿਣ, ਉਹ ਚੰਗੇ। 
ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਮਨ ਦੀਆਂ ਸੋਚਾਂ ਦੀ ਪੁਣਛਾਣ ਕਰੀਏ ਤੇ ਇਹ ਵੇਖੀਏ ਕਿ ਸਾਡੀ ਗਰੀਬੀ, ਸਾਡੀ ਰੋਜ਼ ਦਿਹਾੜੀ ਦੀ ਅਸਫਲਤਾ ਲਈ ਆਖ਼ਰ ਕਿਹੜੇ ਕਿਹੜੇ ਚਾਤਰ ਚਲਾਕ ਲੋਕ ਜਿੰਮੇਵਾਰ ਹਨ। ਕਿਵੇਂ ਅਸੀਂ ਵੱਧ ਮਿਹਨਤ ਕਰੀਏ। ਸਖਤ ਕੰਮ ਤਾਂ ਕਰਦੇ ਹੀ ਹਾਂ ਕੋਈ ਦਿਮਾਗੀ ਕੰਮ ਕਰੀਏ। ਕੋਈ ਜੁਗਤ ਲੜਾ ਲਈਏ। ਤਕਦੀਰ ਨੂੰ ਸੁਆਰਣ ਲਈ ਦਾਤਿਆਂ ਤੇ ਲੱਖਦਾਤਿਆਂ ਨੂੰ ਕਈ ਵਾਰ ਮੱਥਾ ਟੇਕ ਲਿਆ, ਕਦੇ ਆਪਣੇ ਮਨ ਵਿਚ ਆਪਣੇ ਲਈ ਥੋੜ੍ਹਾ ਸਤਿਕਾਰ ਪੈਦਾ ਕਰੀਏ। ਇੱਟਾਂ ਪੱਥਰਾਂ ਦੀਆਂ ਮਜ਼ਾਰਾਂ ਨੂੰ ਮੰਨਦਿਆਂ ਨੂੰ ਉਮਰਾਂ ਲੰਘ ਗਈਆਂ। ਇਹੀ ਕੰਮ ਆਪਾਂ ਕਰਦੇ ਹਾਂ ਇਹੀ ਸਾਡੇ ਪੁਰਖੇ ਕਰਦੇ ਹੋਣਗੇ। ਸਾਨੂੰ ਵੇਖ ਕੇ ਇਹੀ ਕੰਮ ਸਾਡੀ ਔਲਾਦ ਕਰੇਗੀ। ਜੇ ਆਪਾਂ ਆਪਣਾ ਮਨ ਬਦਲ ਲਈਏ, ਹਿੰਮਤੀ ਬਣੀਏ ਤਾਂ ਬਹੁਤ ਕੁਝ ਬਦਲ ਸਕਦਾ ਹੈ। ਸੰਘਰਸ਼ ਕਰਦਿਆਂ ਨੁੰ ਸਾਨੂੰ ਸਦੀਆਂ ਬੀਤ ਗਈਆਂ। ਹੁਣ ਆਪਾਂ ਮਨ ਦੀ ਰੂਪ ਰੇਖਾ ਵਿਚ ਤਬਦੀਲੀ ਕਰ ਕੇ ਸੰਘਰਸ਼ ਕਰਾਂਗੇ ਤਾਂ ਬਹੁਤ ਵੱਡੀ ਗੱਲ ਨਹੀਂ ਕਿ ਅਸੀਂ ਮਜਬੂਰੀਆਂ ਭਰੀ ਤੇ ਜ਼ਲੀਲ ਕਰਨ ਵਾਲੀ ਜ਼ਿੰਦਗੀ ਦਾ ਰਾਹ ਬਦਲ ਲਵਾਂਗੇ। ਮਨੁੱਖ ਨੇ ਕੀ ਨਹੀਂ ਕੀਤਾ? ਪਹਾੜ ਨਹੀਂ ਚੀਰੇ? ਅਸਮਾਨਾਂ ਵਿਚ ਉਡਾਰੀਆਂ ਨਹੀਂ ਲਾਈਆਂ? ਹਵਾਈ ਜਹਾਜ਼ ਨਹੀਂ ਬਣਾਏ। ਕੀ ਨਹੀਂ ਕੀਤਾ? ਸਭ ਕੁਝ ਕੀਤਾ ਹੈ ਜੇ ਅਸੀਂ ਆਪਣੀ ਸੋਚ ਬਦਲ ਲਾਂਗੇ ਤਾਂ ਅਸੀਂ ਵੀ ਕੁਝ ਕਰ ਸਕਦੇ ਹਾਂ। ਜੇ ਅਸੀਂ ਸੋਚ ਨਾ ਬਦਲੀ ਤਾਂ ਅਸੀਂ ਚਾਤਰ ਚਲਾਕ ਬੰਦਿਆਂ ਦੇ ਹੱਥ ਦੀ ਕਠਪੁਤਲੀ ਬਣੇ ਰਹਾਂਗੇ। ਸਾਡੀ ਸਾਰੀ ਸੋਚ ਅਸਲ ਵਿਚ ਉਨ੍ਹਾਂ ਦੀ ਸਫਲ ਹੋ ਚੁੱਕੀ ਸਾਜ਼ਿਸ਼ ਦਾ ਹੀ ਫਲ ਹੈ। 
-ਯਾਦਵਿੰਦਰ 

----

ਸਿਆਸੀ ਪਾਰਟੀਆਂ ਦੇ ਅਹੁਦੇਦਾਰ,
ਲੋਕਾਂ ਦੇ ਆਗੂ ਕਿਉਂ ਨਹੀਂ ਹੁੰਦੇ!
-ਲੋਕਾਂ ਦਾ ਆਗੂ ਬਣਨ ਲਈ ਆਮ ਲੋਕਾਂ ਵਿਚ ਵਿਚਰਣਾ ਬੇਹੱਦ ਲਾਜ਼ਮੀ ਸ਼ਰਤ ਹੁੰਦੀ ਹੈ ਪਰ ਸਾਡੇ ਨੇਤਾ ਆਪਣੇ ਪਾਰਟੀ ਦਫਤਰ ਜਾਂ ਵਾਕਫਾਂ ਦੇ ਘੇਰੇ ਵਿਚੋਂ ਬਾਹਰ ਹੀ ਨਹੀਂ ਨਿਕਲਦੇ। ਇਕ ਪ੍ਰਧਾਨ ਆਉਂਦਾ ਹੈ, ਥੋੜ੍ਹੀ ਚਿਰ ਲੀਡਰੀ ਕਰਦਾ ਹੈ ਤੇ ਵੱਡੀ ਲੀਡਰੀ ਲਈ ਕਰਨ ਲੱਗਦਾ ਹੈ ਤੇ ਇਸ ਰੌਲੇ ਰੱਪੇ ਦਰਮਿਆਨ ਨਿੱਕੇ ਆਗੂ, ਵੱਡਾ ਆਗੂ ਬਣਨ ਲਈ, ਠਿੱਬੀਆਂ ਲਾਉਣ ਲੱਗ ਪੈਂਦੇ ਹਨ ਤੇ ਸਾਰੇ ਆਪੋ ਆਪਣਾ ਦਰਜਾ ਵਧਾ ਲੈਂਦੇ ਹਨ। ਪਰ ਸਵਾਲਾਂ ਦਾ ਸਵਾਲ ਮੁੜ ਇਹੋ ਹੈ ਕਿ ਇੰਨੇ ਨੇਤਾ ਹੋਣ ਦੇ ਬਾਵਜੂਦ ਲੋਕਾਂ ਵਿਚ ਇਨ੍ਹਾਂ ਨੇਤਾਵਾਂ ਦਾ ਅਧਾਰ ਕਿਉਂ ਨਹੀਂ ਹੁੰਦਾ? ਕਿਉਂ ਆਮ ਲੋਕਾਂ ਨੂੰ ਇਨ੍ਹਾਂ ਦੇ ਨਾਂ ਪਤੇ ਬਾਰੇ ਪਤਾ ਨਹੀਂ ਹੁੰਦਾ? ਕਿਉਂ ਇਹ ਲੋਕ ਅਖ਼ਬਾਰਾਂ ਵਿਚ ਫੋਟੋਆਂ ਛਪਾ ਕੇ ਵੀ ਦੂਜੇ ਦਿਨ ਇਹ ਸਮਝਦੇ ਹਨ ਕਿ ਅਗਲੇ ਦਿਨੀਂ ਜੇ ਕੋਈ ਫੋਟੋ ਨਾ ਛਪੀ ਤਾਂ ਪਬਲਿਕ ਭੁਲਾਅ ਵੀ ਸਕਦੀ ਹੈ? ਕਿਉਂ, ਇਹ ਡਰ ਕਿਉਂ? ਅੱਜ ਦੀ ਸਿਆਸਤ ਤੇ ਸਿਆਸੀ ਮਾਹੌਲ ਦੀ ਜੇਕਰ ਗੱਲ ਤੋਰੀਏ ਤਾਂ ਇਕ ਗੱਲ ਸੁੱਤੇ ਸਿਧ ਸਪਸ਼ਟ ਹੈ ਕਿ ਸੋਚਵਾਨ ਤੇ ਸੂਝਵਾਨ ਵਰਗ ਨੂੰ ਖੱਪਬਾਜ਼ ਸਿਆਸਤਬਾਜ਼ਾਂ ਨੇ ਪਰੇ ਨਠਾ ਦਿੱਤਾ ਹੈ। ਸਿਆਸਤਦਾਨ ਹੁਣ ਕਿਤੇ ਨਹੀਂ ਦਿਸਦੇ, ਛਲਾਰੂ ਜਿੰਨੇ ਮਰਜ਼ੀ ਲੱਭ ਲਓ। ਉਹ ਦਿਨ ਬੀਤ ਗਏ ਕਿ ਕਲਾਕਾਰ, ਲੈਕਚਰਰ, ਪ੍ਰੋਫੈਸਰ, ਨਾਮਣੇ ਵਾਲੇ ਪੱਤਰਕਾਰ ਰਾਜਨੀਤੀ ਕਰਦੇ ਹੁੰਦੇ ਸੀ। ਰੰਗਮੰਚ ਦੇ ਕਲਾਕਾਰ, ਕਾਲਜਾਂ ਦੇ ਪ੍ਰੋਫੈਸਰ, ਅਖ਼ਬਾਰਾਂ ਦੇ ਕਾਲਮਨਵੀਸ, ਅਕਲਾਂ ਵਾਲੇ ਬੰਦੇ ਸਿਆਸੀ ਪਾਰਟੀਆਂ ਦੇ ਆਗੂ ਹੁੰਦੇ ਸਨ। 
ਕਮਿਊਨਿਸਟ ਲਹਿਰ ਤੇ ਮੁੜ ਕੇ ਆਈ ਵਿਦਰੋਹੀ ਲਹਿਰ ਤਾਂ ਵੈਸੇ ਵੀ ਇੰਟੈਲੈਕਚੁਅਲਜ਼ ਦੀ ਸੀ। ਸੋਚਵਾਨ ਵਿਅਕਤੀ ਅਕਸਰ ਰਾਜਨੀਤੀ ਵਿਚ ਆ ਜਾਂਦੇ ਸੀ। ਡਾਇਰੈਕਟਰ, ਚੇਅਰਮੈਨ ਤੇ ਹੋਰ ਵਕਾਰੀ ਅਹੁਦੇ, ਜਿਨ੍ਹਾਂ ਉੱਤੇ ਅੱਜ ਅਸੀਂ ਨਿਰੋਲ ਸਿਆਸੀ ਲੋਕਾਂ ਨੂੰ ਬੈਠੇ ਵੇਖਦੇ ਹਾਂ, ਕਦੇ ਇਨ੍ਹਾਂ ਕੁਰਸੀਆਂ ਉੱਤੇ ਵੱਡੀਆਂ ਵੱਡੀਆਂ ਖਿਆਲ ਉਡਾਰੀਆਂ ਲਾ ਸਕਣ ਵਾਲੇ ਸੋਚਵਾਨ ਬੈਠਦੇ ਹੁੰਦੇ ਸੀ। ਉਹ ਵੀ ਦਿਨ ਹੁੰਦੇ ਸੀ (ਜਿਵੇਂ ਅੱਜ ਅਸੀਂ ਰੈਲੀ ਕਹਿ ਦਿੰਦੇ ਹਾਂ) ਜਲਸਾ ਕੀਤਾ ਜਾਂਦਾ ਸੀ। ਲੀਡਰ ਨੇ ਜੇ ਕਿਤੇ ਜਲਸੇ ਵਿਚ ਬੋਲਣ ਆਉਣਾ ਹੁੰਦਾ ਤਾਂ ਇਲਾਕੇ ਵਿਚ ਅਨਾਉਂਸਮੈਂਟਾਂ ਕਰਾਈਆਂ ਜਾਣੀਆਂ। ਲੋਕਾਂ ਨੇ ਵੀ ਕਈ ਦਿਨ ਤਿਆਰੀ ਵਿੱਢੀ ਹੁੰਦੀ ਸੀ ਕਿ ਅੱਜ ਸਾਡਾ ਮਹਿਬੂਬ ਆਗੂ ਬੋਲਣ ਆ ਰਿਹਾ ਹੈ, ਅਸਾਂ ਸੁਣਨ ਜਾਣਾ ਹੀ ਜਾਣਾ ਹੈ। ਉਦੋਂ ਨਾ ਤਾਂ ਕੇਬਲ ਤੇ ਲੋਕਲ ਚੈਨਲ ਹੁੰਦੇ ਸੀ ਤੇ ਨਾਂ ਹੀ ਕੋਈ ਖਬਰੀਆ ਚੈਨਲ, ਕਿਸੇ ਲੀਡਰ ਦਾ ਅੰਨ੍ਹੇਵਾਹ ਪ੍ਰਚਾਰ ਕਰਦਾ ਸੀ। ਪਰ ਲੀਡਰ ਨੇ ਆਉਣਾ ਤੇ ਪੰਡਾਲ ਭਰ ਜਾਣੇ ਤੇ ਕਦੇ ਕਦੇ ਪੰਡਾਲ ਦਾ ਵਿਸਥਾਰ ਕਰ ਕੇ ਅੱਗੇ ਤਕ ਤੰਬੂ ਗੱਡਣੇ ਪੈ ਜਾਂਦੇ ਸੀ। ... ਤੇ ਇਕ ਅੱਜ ਦਾ ਦੌਰ ਵੇਖ ਲਓ, ਬੰਦਾ ਪੰਜ ਸੌਂ ਨੀਂ ਪਹੁੰਚਦਾ ਤੇ ਨੇਤਾ ਤੇ ਅਖੌਤੀ ਵਰਕਰ, ਤਿੰਨ ਤਿੰਨ ਹਜ਼ਾਰ ਕੁਰਸੀਆਂ ਲਵਾ ਦਿੰਦੇ ਹਨ। ਮੁੜ ਕੇ ਮੀਡੀਆ ਦੇ ਲੋਕ ਖਾਲੀ ਕੁਰਸੀਆਂ ਦੀ ਫੋਟੋ ਖਿੱਚ ਕੇ ਛਾਪ ਦਿੰਦੇ ਹਨ ਤਾਂ ਜੱਗ ਹਸਾਈ ਹੋਣ ਲੱਗ ਪੈਂਦੀ ਹੈ। ਕਿਸੇ ਇਕ ਪਾਰਟੀ ਦਾ ਹਾਲ ਨਹੀਂ ... ਅੱਜਕਲ੍ਹ ਸਭਨਾਂ ਵਿਚਾਰਧਾਰਾ-ਹੀਣ ਪਾਰਟੀਆਂ ਦਾ ਇਹੋ ਹਾਲ ਹੈ। ਲੋਕਾਂ ਵਿਚ ਕੰਮ ਕਰਨ ਵਾਲੇ ਨੂੰ ਵਰਕਰ ਕਹਿ ਕੇ ਛੁਟਿਆਇਆ ਜਾਂਦਾ ਹੈ ਤੇ ਹੋਟਲਾਂ, ਕਾਰਖਾਨਿਆਂ ਦੇ ਮਾਲਕਾਂ ਨੂੰ ਏਅਰ ਕੰਡੀਸ਼ਨਡ ਦਫਤਰ ਵਿਚ ਬੈਠੇ ਬੈਠੇ ਹੀ ਚੋਣ ਲੜ੍ਹਨ ਵਾਲੀ ਟਿਕਟ ਮਿਲ ਜਾਂਦੀ ਹੈ, ਸੂਬਾ ਸਕੱਤਰ ਵਜੋਂ ਨਿਯੁਕਤੀ ਪੱਤਰ ਮਿਲ ਜਾਂਦਾ ਹੈ। ਕਿਉਂ? ਸਿਰਫ ਇਸ ਲਈ ਕਿ ਉਸ ਦੇ ਪੱਲੇ ਅੰਨ੍ਹਾ ਪੈਸਾ ਹੈ। ਗਰੀਬ ਆਦਮੀ ਤਾਂ ਪਿੰਡ ਵਿਚ ਸਰਪੰਚ ਨਹੀਂ ਬਣ ਸਕਦਾ। ਸ਼ਹਿਰ ਵਿਚ ਵਾਰਡ ਦਾ ਕੌਂਸਲਰ ਨਹੀਂ ਬਣ ਸਕਦਾ। ਐਮ ਐਲ ਏ ਜਾਂ ਐਮ ਪੀ ਬਣਨਾ ਤਾਂ ਮੁੰਗੇਰੀ ਲਾਲ ਦੇ ਸੁਫਨੇ ਵੇਖਣ ਵਾਂਗ ਹੈ। 
ਆਓ, ਅੱਜ ਅਸੀਂ ਆਪਾ ਪੜਚੋਲ ਕਰੀਏ ਕਿ ਕਿਉਂ ਐਸ਼ੀ ਪੱਠੇ ਹੀ ਵੱਡੇ ਵੱਡੇ ਅਹੁਦਿਆਂ ਉੱਤੇ ਜੱਫਾ ਮਾਰ ਲੈਂਦੇ ਹਨ। ਕਿਉਂ ਐਸ਼ੀ ਪੱਠੇ ਹੀ ਟਿਕਟਾਂ ਖਰੀਦ ਲੈਂਦੇ ਹਨ। ਕਿਉਂ ਐਸ਼ੀ ਪੱਠੇ ਹੀ ਗੁੰਮਰਾਹ ਕਰਕੇ ਰਾਜ ਸੱਤਾ ਸਾਂਭ ਲੈਂਦ ਹਨ। ਜਦਕਿ ਲੋੜ ਇਸ ਗੱਲ ਦੀ ਹੈ ਕਿ ਆਪਾਂ ਆਪਣੇ ਵਿਚੋਂ ਹੀ ਕੋਈ ਵਿਅਕਤੀ ਲੀਡਰ ਬਣਨ ਲਈ ਚੁਣੀਏ। ਆਈਡੀਓਲੌਜੀ ਤੋਂ ਅਣਜਾਣ ਸਿਆਸੀ ਪਾਰਟੀ ਸਾਡੇ ਆਗੂ ਨੂੰ ਟਿਕਟ ਨਹੀਂ ਵੇਚਦੀ ਜਾਂ ਸਾਡਾ ਆਗੂ ਟਿਕਟ ਖਰੀਦਣ ਲਈ 6 ਕਰੋੜ ਰੁਪਿਆ ਨਾ ਦੇ ਸਕਦਾ ਹੋਵੇ ਤਾਂ ਆਪਣੇ ਆਗੂ ਨੂੰ ਅਜ਼ਾਦ ਖੜ੍ਹਾ ਕਰਾ ਕੇ ਜਿਤਾਇਆ ਜਾ ਸਕਦਾ ਹੈ। ਇਸ ਨਾਲ ਭਾਰਤ ਦੇ ਮਗਰੂਰ ਤੇ ਪੂੰਜੀ ਦੇ ਪੁਜਾਰੀ ਹਾਕਮਾਂ ਨੂੰ ਕੰਨ੍ਹ ਹੋ ਜਾਣਗੇ ਕਿ ਅੱਜ ਮੁਲਕ ਦੀ ਜਨਤਾ ਜਾਗ ਚੁੱਕੀ ਹੈ ਤੇ ਉਹ ਆਪਣਾ ਆਗੂ, ਆਪਣੀਆਂ ਵੋਟਾਂ ਦੇ ਬੱਲ ਉੱਤੇ ਆਪ ਵੀ ਚੁਣ ਸਕਦੀ ਹੈ। ਜੇ ਕਿਤੇ ਏਦਾਂ ਹੋ ਜਾਵੇ ਤਾਂ ਲੋਹੇ ਦਾ ਕਾਂ ਬਣ ਚੁੱਕਾ ਇਹ ਮੁਲਕ, ਮੁੜ ਕੇ ਸੋਨੇ ਦੀ ਚਿੜੀ ਬਣ ਸਕਦਾ ਹੈ।


ਪੇਸ਼ਕਸ਼- ਵਾਹਿਦ ਸਿਆਸੀ ਸਰਵਿਸ 
94653 29617 

Tuesday, December 20, 2011

ਚਿੱਟੇ ਦਿਨ ਲੁੱਟਦੇ ਨੇ ਮਰਦਾਨਾ ਤਾਕਤਾਂ ਦੇ ਵਪਾਰੀ ਤੇ ਕੁਐਕ!





- ਸੜਕਾਂ ਤੋਂ ਲੰਘੀਏ ਤਾਂ ਅਕਸਰ ਕੁਝ ਵੈਦ, ਹਕੀਮਾਂ ਤੇ ਖਾਨਦਾਨੀ ਬੰਦਿਆਂ ਦੇ ਬੋਰਡ ਤੇ ਹੋਰਡਿੰਗ ਲੱਗੇ ਵੇਖੇ ਜਾਂਦੇ ਹਨ। ਇਨ੍ਹਾਂ ਹੋਰਡਿੰਗਾਂ ਤੇ ਬੋਰਡਾਂ ਉੱਤੇ ਅਖੌਤੀ ਵੈਦ ਦੀ ਤਸਵੀਰ, ਲੱਛੇਦਾਰ ਸ਼ਬਦਾਵਲੀ ਵਿਚ ਰੋਗਾਂ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਦੇ ਦਾਅਵੇ ਆਦਿ ਲਿਖੇ ਹੁੰਦੇ ਹਨ। ਜੇ ਖ਼ਾਸਕਰ ਪੰਜਾਬ ਦੀ ਗੱਲ ਕਰੀਏ ਤਾਂ ਇਹੋ ਜਿਹੇ ਲੋਕ ਬਹੁਤੀ ਵਾਰ ਬਸ ਸਟੈਂਡਾਂ ਦੇ ਨੇੜੇ ਹੀ ਦਫਤਰ ਕਿਰਾਏ ਉੱਤੇ ਲੈਂਦੇ ਹਨ। ਜਿਸ ਦਾ ਇਕ ਸਿੱਧਾ ਜਿਹਾ ਫਾਇਦਾ ਸ਼ਾਇਦ ਇਹ ਹੁੰਦਾ ਹੋਵੇਗਾ ਕਿ ਉਧਰੋਂ ਗਾਹਕ ਬੱਸ ਤੋਂ ਉੱਤਰੇ, ਤੇ ਉਧਰ ਵੈਦ ਦੇ ਸ਼ਫ਼ਾਖ਼ਾਨੇ ਵਿਚ ਜਾ ਵੜੇ। 
ਪਰ ਜੇ ਅਸੀਂ ਇਸ ਯੁੱਗ ਦੇ ਮਹਾਨ ਸੈਕਸੋਲੋਜਿਸਟ ਸ਼੍ਰੀ ਪ੍ਰਕਾਸ਼ ਕੋਠਾਰੀ ਦੀਆਂ ਲਿਖਤਾਂ ਪੜ੍ਹੀਏ ਤਾਂ ਸਾਫ ਪਤਾ ਲੱਗਦਾ ਹੈ ਕਿ ਸੈਕਸ ਰੋਗਾਂ ਦਾ ਨਿਵਾਰਣ ਕਰਨ ਦੇ ਦਾਅਵੇ ਕਰਨ ਵਾਲੇ ਲੋਕਾਂ ਦੀ ਬੋਲੀ ਹੀ ਪੈਸੇ ਭੋਟਣ ਵਾਲੀ ਹੁੰਦੀ ਹੈ। ਸਾਊ ਬੋਲੀ ਵਿਚ ਜਿਹੜੀ ਗੱਲ ਕੀਤੀ ਜਾਵੇ, ਓਸੇ ਨੂੰ ਸੱਭਿਅਕ ਆਖਿਆ ਜਾਂਦਾ ਹੈ। ਪਰ ਬਸ ਸਟੈਂਡਾਂ ਦੇ ਕੋਲ ... ਬਿਲਡਿੰਗਾਂ ਦੇ ਚੁਬਾਰਿਆਂ ਉੱਤੇ ਦਫ਼ਤਰ ਮੁੱਲ ਖਰੀਦ ਕੇ ਬੈਠੇ ਤੇ ਮੋਟੇ ਕਿਰਾਏ ਦੇ ਕੇ ਮੋਟੀ ਦਿਹਾੜੀ ਬਣਾਉਣ ਵਾਲੇ ਲੋਕ ਅਸਲ ਵਿਚ ਕੁਐਕ ਹੀ ਹਨ। ਕੁਐਕ ਅੰਗਰੇਜ਼ੀ ਬੋਲੀ ਦਾ ਲਫਜ਼ ਹੈ, ਜੋ ਕਿ ਅੰਗਰੇਜ਼ੀ ਬੋਲੀ ਨੇ ਕਿਸੇ ਹੋਰ ਬੋਲੀ ਜਾਂ ਲਾਤੀਨੀ ਅਮਰੀਕੀ ਬੋਲੀ ਵਿਚੋਂ ਲਿਆ ਲੱਗਦਾ ਹੈ। ਪਰ (ਸਾਡੀ ਭਾਵਨਾ ਮੁਤਾਬਕ) ਕੁਐਕ ਦਾ ਇਕੋ ਹੀ ਅਰਥ ਹੈ, ਨਿਰਾ ਪੁਰਾ ਠੱਗ।
ਇਹ ਕੁਐਕ ਟੋਲੇ, ਅਸਲ ਵਿਚ ਜਾਣਦੇ ਹੀ ਨਹੀਂ ਹੁੰਦੇ ਕਿ ਜਿਹੜੇ ਰੋਗ ਦਾ ਇਲਾਜ ਕਰਨ ਲਈ ਉਹ ਦਾਅਵੇ ਕਰਦੇ ਹਨ, ਉਸ ਦਾ ਜੈਨੂਅਨ ਢੰਗ ਨਾਲ ਇਲਾਜ ਕਿੱਦਾਂ ਕੀਤਾ ਜਾਂਦਾ ਹੈ। ਇਕ ਤਾਂ ਪੂਰੀ ਡਿਗਰੀ ਨਹੀਂ ਹੁੰਦੀ ਕੋਲ। ਤੇ ਦੂਜੀ ਗੱਲ ਇਹ ਕਿ ਇਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਹੱਥ ਸ਼ਾਇਦ ਬੰਨ੍ਹੇ ਹੁੰਦੇ ਹਨ ਤੇ ਸਰਕਾਰ ਨੂੰ ਦੱਸਣ ਵਾਲਾ ਕੋਈ ਨਹੀਂ ਹੁੰਦਾ।
ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਖਾਨਦਾਨੀ ਕੁਐਕਾਂ ਕੋਲ ਜਾ ਕੇ ਕੌਣ ਫਸਦਾ ਹੈ ਤੇ ਕਿਹੜੇ ਹਾਲਾਤ ਹੁੰਦੇ ਹਨ। ਇਸ ਦਾ ਨਿੱਕਾ ਜਿਹਾ ਜਵਾਬ ਹੈ ਕਿ ਜਦੋਂ ਨੌਜਵਾਨਾਂ ਦਾ ਵਿਆਹ ਹੁੰਦਾ ਹੈ ਤਾਂ ਉਨ੍ਹਾਂ ਕੋਲ ਆਪਣੀ ਸਾਥਣ ਨੂੰ ਸੰਤੁਸ਼ਟ ਕਰਨ ਲਈ ਖ਼ਾਸ ਤਜਰਬਾ ਨਹੀਂ ਹੁੰਦਾ। ਜਿਸ ਕਾਰਨ ਉਹ ਸ਼ਰਮਿੰਦਗੀ ਵੀ ਮਹਿਸੂਸ ਕਰਦੇ ਹਨ ਤੇ ਆਖ਼ਰ ਤੰਗ ਆ ਕੇ ਇਨ੍ਹਾਂ ਕੁਐਕਾਂ ਕੋਲ ਪਹੁੰਚ ਜਾਂਦੇ ਹਨ ਜਿਥੇ ਰੱਜ ਕੇ ਇਨ੍ਹਾਂ ਦਾ ਆਰਥਕ ਤੇ ਮਾਨਸਕ ਸ਼ੋਸ਼ਣ ਕੀਤਾ ਜਾਂਦਾ ਹੈ। ਡਰ ਤੇ ਸ਼ਰਮ ਕਰ ਕੇ ਇਹ ਨਾ ਤਾਂ ਆਪਣੇ ਘਰ ਕਿਸੇ ਸਿਆਣੇ ਜੀਅ ਨਾਲ ਗੱਲ ਕਰਦੇ ਹਨ ਤੇ ਨਾਂ ਹੀ ਕਿਸੇ ਕੋਲ ਸ਼ਿਕਾਇਤ ਕਰਨ ਜਾਂਦੇ ਹਨ। ਜਿਸ ਕਾਰਨ ਕੁਐਕਾਂ ਦੀ ਚੜ੍ਹ ਮਚੀ ਪਈ ਐ। ਹਨ।
ਨਵਾਂ ਪਹਿਲੂ ਇਹ ਹੈ ਕਿ ਅੱਜ ਦਾ ਸਮਾਂ ਮਸ਼ੀਨੀਕਰਣ ਦਾ ਸਮਾਂ ਹੈ। ਹਰੇਕ ਬੌਸ ਆਪਣੇ ਮਾਤਹਿਤ ਮੁਲਾਜ਼ਮ ਕੋਲੋਂ ਕੰਮ, ਕੰਮ ਤੇ ਸਿਰਫ ਕੰਮ ਮੰਗਦਾ ਹੈ। ਕਈ ਵਾਰ ਮਿੱਥੇ ਟਾਰਗੈੱਟ  ਨਹੀਂ ਪੂਰੇ ਕਰ ਹੁੰਦੇ ਤੇ ਬਹੁਤੀ ਵਾਰ ਬੌਸ ਹੀ ਖੁਸ਼ ਨਹੀਂ ਹੋ ਸਕਦਾ ਹੁੰਦਾ ਤੇ ਦਫਤਰ ਵਿਚ ਹੋਰ ਦਰਜਨਾਂ ਕਾਰਨ ਹੁੰਦੇ ਹਨ ਜਿਸ ਕਾਰਨ ਰਾਤ ਨੂੰ ਘਰ ਗਿਆ ਵਿਅਕਤੀ ਆਪਣੇ ਸਾਥੀ ਨਾਲ ਸਹਿਵਾਸ ਕਰਨ ਵਿਚ ਅਸਮਰੱਥ ਹੁੰਦਾ ਹੈ। ਪਰ ਜੀਵਨ ਸਾਥੀ ਦਾ ਇਹ ਕਹਿਣਾ ਹੁੰਦਾ ਹੈ ਕਿ ਹੋਰ ਲੋਕ ਵੀ ਤਾਂ ਕੰਮ ਕਰਦੇ ਹੀ ਹਨ..! ਉਹ ਕਿੱਦਾਂ ਤਾਲਮੇਲ ਕਰਦੇ ਹੋਣਗੇ? ਪਲੀਜ਼ ਤੁਸੀਂ ਆਪਣਾ ਦਫਤਰ, ਦਫਤਰ ਵਿਚ ਹੀ ਛੱਡ ਆਇਆ ਕਰੋ। ਘਰ ਨੂੰ ਦਫਤਰ ਨਾ ਬਣਾਓ ਤੇ ਦਫਤਰ ਜਾ ਕੇ ਘਰ ਦੀ ਗੱਲ ਨਾ ਕਰੋ। ਅੱਜ ਪੱਛਮੀ ਦੇਸ਼ਾਂ ਵਿਚ ਵਸੇ ਪੰਜਾਬੀ, ਜਿੰਨੀ ਮਿਕਦਾਰ ਵਿਚ ਪੰਜਾਬ ਦੇ ਕੁਐਕਾਂ ਤੋਂ ਫਰਾਡ ਦਵਾਈਆਂ ਮੰਗਾਂਦੇ ਹਨ, ਉਹ ਸ਼ਾਇਦ ਇੰਨੀ ਗਿਣਤੀ ਤੇ ਇੰਨੀ ਤਾਦਾਦ ਵਿਚ ਪਹਿਲਾਂ ਨਹੀਂ ਸੀ ਭੇਜੀ ਜਾਂਦੀ। ਪਾਰਸਲ ਤੇ ਕੋਰੀਅਰ ਪੈਕ ਕਰਨ ਵਾਲੇ ਦੱਸਦੇ ਹਨ ਕਿ ਸਾਡੇ ਕੋਲ ਮਰਦਾਨਾ ਤਾਕਤਾਂ ਦੇ ਬਾਦਸ਼ਾਹ ਹੀ ਜ਼ਿਆਦਾਤਰ ਆਪਣਾ ਖੇਹ ਸੁਆਹ ਲੈ ਕੇ ਆ ਜਾਂਦੇ ਹਨ ਤੇ ਕੋਰੀਅਰ ਭੇਜਣ ਲਈ ਮੂੰਹ ਮੰਗਿਆ ਮਾਲ੍ਹ ਦੇ ਜਾਂਦੇ ਹਨ। 
ਭਾਰਤ ਦੇ ਜਿਹੜੇ ਮੰਨੇ ਪ੍ਰਮੰਨੇ ਸੈਕਸ ਮਾਹਰ ਹਨ, ਅਕਸਰ ਦੱਸਦੇ ਹਨ ਕਿ ਰਾਤ ਨੂੰ ਸੁਪਨਦੋਸ਼ ਹੋਣਾ ਕੋਈ ਰੋਗ ਹੀ ਨਹੀਂ ਹੈ। ਕਿਉਂਕਿ ਜੇ ਪਿਆਲਾ ਭਰ ਜਾਵੇ ਤਾਂ ਛਲਕ ਹੀ ਆਉਂਦਾ ਹੈ। 17 ਸਾਲ ਤੋਂ ਲੈ ਕੇ ਮੁੰਡਿਆਂ ਨੂੰ ਇਹ ਵਹਿਮ ਪੈ ਜਾਂਦਾ ਹੈ ਕਿ ਸੁਪਨਦੋਸ਼ ਕੋਈ ਰੋਗ ਹੈ ਤੇ ਉਸ ਨੂੰ ਲੱਗ ਚੁੱਕਾ ਹੈ ਜਦਕਿ ਇਹ ਕੁਦਰਤ ਦਾ ਇਕ ਢੰਗ ਹੈ ਕਿ ਜੇ ਕਿਸੇ ਨੂੰ ਪਿਆਰ ਕਰਨ ਦਾ ਮੌਕਾ ਨਾ ਮਿਲੇ ਜਾਂ ਉਹ ਸੰਗਾਊ ਜਿਹਾ ਹੋਵੇ ਤਾਂ ਮਨ ਦੀਆਂ ਸੋਚਾਂ ਅਚੇਤ ਮਨ ਵਿਚ ਰਿੜਕ ਰਿੜਕ ਕੇ ਰਾਤ ਨੂੰ ਸੁਪਨੇ ਵਿਚ ਤਮੰਨਾ ਪੂਰੀ ਕਰ ਲੈਂਦੀਆਂ ਹਨ। ਯਕੀਨੀ ਤੌਰ 'ਤੇ ਸੁਪਨਦੋਸ਼, ਰੋਗ ਨਹੀਂ ਹੈ। ਸ਼ੀਘਰਪਤਨ ਵੀ ਨਵੇਂ ਨਵੇਂ ਚਾਅ ਦਾ ਨਤੀਜਾ ਹੈ। ਇਹ ਵੀ ਗੰਭੀਰ ਰੋਗ ਨਹੀਂ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕਿਸੇ ਨੂੰ ਸੱਚਮੁੱਚ ਕੋਈ ਰੋਗ ਹੋਵੇ ਵੀ ਤਾਂ ਪਹਿਲਾਂ ਤਾਂ ਐਮ ਬੀ ਬੀ ਐਸ ਡਾਕਟਰ ਤੋਂ ਜਾਂ ਕਿਸੇ ਮਾਹਰ ਤੋਂ ਚੈੱਕਅਪ ਕਰਾ ਕੇ ਦਵਾਈ ਲੈਣੀ ਚਾਹੀਦੀ ਹੈ। ਦੂਜੀ ਗੱਲ ਇਹ ਕਿ ਕਈ ਬਰਾਂਡਿਡ ਤੇ ਸਿੱਕੇਬੰਦ ਕੰਪਨੀਆਂ ਹਨ ਜੋ ਕਿ ਵਧੀਆ ਤੇ ਅਸਲੀ ਤੱਤਾਂ ਵਾਲੀਆਂ ਦਵਾਈਆਂ ਬਣਾਉਂਦੀਆਂ ਹਨ, ਜਿਨ੍ਹਾਂ ਦਾ ਕੁਆਲੀਫਾਈਡ ਡਾਕਟਰ ਦੀ ਸਲਾਹ ਨਾਲ ਸੇਵਨ ਕਰਨਾ ਕੋਈ ਮਾੜੀ ਗੱਲ ਨਹੀਂ। ਇਸ ਵੈੱਬਸਾਈਟ ਵਿਚ ਕਿਸੇ ਦੀ ਮਸ਼ਹੂਰੀ ਕਰਨੀ ਵੀ ਜਾਇਜ਼ ਨਹੀਂ ਜਾਪਦੀ, ਪਰ ਨਾਮਣੇ ਵਾਲੀਆਂ ਤੇ ਭਰੋਸਾ ਕਾਇਮ ਕਰ ਚੁੱਕੀਆਂ ਕੰਪਨੀਆਂ ਵਲੋਂ ਸੈਕਸ ਪਾਵਰ ਵਧਾਉਣ ਲਈ ਜਿਹੜੀਆਂ ਸਿੱਕੇਬੰਦ ਦਵਾਈਆਂ ਹਨ, ਉਹ ਲਈਆਂ ਜਾ ਸਕਦੀਆਂ ਹਨ। ਪਰ ਵੱਡੀ ਗੱਲ ਇਹ ਹੈ ਕਿ ਖਾਨਦਾਨੀ ਦਾਅਵੇ ਕਰਨ ਵਾਲੇ ਕੁਐਕਾਂ ਤੇ ਮਹਾਠੱਗਾਂ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ। 
ਪੇਸ਼ਕਸ਼ : ਵਿਚਾਰ ਵਟਾਂਦਰਾ ਫੀਚਰ ਸਰਵਿਸ
ਸੰਪਰਕ 98152 85126 
(ਇਸ ਬਲਾਗ ਦੇ ਲੇਖਾਂ ਬਾਰੇ ਆਪਣੀ ਰਾਇ ਜ਼ਰੂਰ ਦਿਓ। ਆਪਣੇ ਵਿਚਾਰ ਛਪਣ ਲਈ ਭੇਜਣੇ ਹਨ ਤਾਂ ਜ਼ਰੂਰ ਭੇਜੋ) 

Friday, December 16, 2011

'ਹਾਥੀ' ਖਾ ਜਾਂਦੈ ਕੇਂਦਰ ਦੇ ਫੰਡ : ਰਾਹੁਲ


ਫਰੂਖਾਬਾਦ,(ਪੰ.ਦ.ਬਿ.)-ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਪ੍ਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ (ਐਫ ਡੀ ਆਈ) ਦਾ ਖੁੱਲ੍ਹਾ ਸਮਰਥਨ ਕਰਦਿਆਂ ਇਸ ਦੀ ਸਖ਼ਤ ਮੁਖ਼ਾਲਫਤ ਕਰਨ ਵਾਲੀ ਵਿਰੋਧੀ ਧਿਰ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਉੱਤਰ ਪ੍ਰਦੇਸ਼ ਦੇ ਆਪਣੇ ਪੰਜ ਸਾਲਾ ਦੌਰੇ ਦੇ ਚੌਥੇ ਦਿਨ ਇਥੇ ਰੈਲੀ ਵਿਚ ਰਾਹੁਲ ਦੇ ਅੰਦਾਜ਼, ਬਸਪਾ ਤੇ ਮੁੱਖ ਵਿਰੋਧੀ ਪਾਰਟੀ ਸਪਾ ਪ੍ਰਤੀ ਸਖਤ ਰਹੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦਾ ਮੂੰਹ ਮੱਥਾ ਸੁਆਰਣਾ ਹੈ ਤਾਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਲਿਆਓ ਕਿਉਂਕਿ ਕਾਂਗਰਸ ਅੱਜ ਬਾਰੇ ਨਹੀਂ ਆਉਣ ਵਾਲੇ ਸਮੇਂ ਬਾਰੇ ਸੋਚਦੀ ਹੈ। 
ਉਨ੍ਹਾਂ ਕਿਹਾ ਕਿ ਹਿੰਦੋਸਤਾਨ ਵਿਚ 60 ਫ਼ੀਸਦੀ ਸਬਜ਼ੀ ਖਰਾਬ ਹੋ ਜਾਂਦੀ ਹੈ। ਅਸੀਂ ਪ੍ਰਚੂਨ ਵਿਚ ਐਫਡੀਆਈ ਲਿਆਉਣ ਦੀ ਗੱਲ ਰੱਖੀ ਤਾਂ ਜੋ ਆਲੂ ਬਰਬਾਦ ਨਾ ਹੋਇਆ ਕਰਨ। ਕਿਸਾਨ ਆਪਣੀ ਜਿਣਸ ਨੂੰ ਸੋਹਣੀ ਕੀਮਤ 'ਤੇ ਵੇਚ ਸਕੇ। ਵਿਰੋਧੀਆਂ ਨੇ ਇਸ ਗੱਲੋਂ ਸੰਸਦ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਕਿਉਂਕਿ ਉਹ ਲੀਡਰ ਦੇਸ਼-ਵਿਰੋਧੀ ਹਨ। ਯੂਪੀ ਦੀ ਸਥਿਤੀ ਲਈ ਬਸਪਾ ਤੇ ਸਪਾ ਦੇ ਨੇਤਾ ਜਿੰਮੇਵਾਰ ਹਨ।
 ਰਾਹੁਲ ਨੇ ਆਪਣਾ ਇਕ ਤਲਖ਼ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਅੱਜ ਛੇ ਸਾਲ ਦਾ ਬੱਚਾ ਵੀ ਜਾਣਦਾ ਹੈ ਕਿ ਮੌਜੂਦਾ ਲੀਡਰਾਂ ਕਾਰਨ ਉਸ ਦਾ ਭਵਿੱਖ ਹਨੇਰਮਈ ਹੈ। ਉਸ ਨੇ ਮਾਇਆਵਤੀ 'ਤੇ ਕੇਂਦਰੀ ਯੋਜਨਾਵਾਂ ਦਾ ਪੈਸਾ ਹੜੱਪਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਲਈ ਕੇਂਦਰ ਤੋਂ ਜਿੰਨਾ ਵੀ ਪੈਸਾ ਭੇਜਦੇ ਹਾਂ ਉਸ ਨੂੰ ਲਖਨਊ ਵਿਚ ਬੈਠਾ 'ਜਾਦੂ ਦਾ ਹਾਥੀ' ਛਕ ਜਾਂਦਾ ਹੈ। ਰਾਹੁਲ ਨੇ ਸਪਾ ਮੁਖੀ ਮੁਲਾਇਮ ਸਿੰਹ ਯਾਦਵ 'ਤੇ  ਹਮਲੇ ਜਾਰੀ ਰੱਖੇ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਤੇ ਕੰਪਿਊਟਰ ਦਾ ਵਿਰੋਧ ਕਰਨ ਵਾਲੇ ਮੁਲਾਇਮ ਨੇ ਖੁਦ ਆਪਣੇ ਪੁੱਤਰ ਅਖਿਲੇਸ਼ ਨੂੰ ਦੋਹਾਂ ਖੇਤਰਾਂ ਦੀ ਪੜ੍ਹਾਈ ਕਰਾਈ ਹੈ। ਰਾਹੁਲ ਨੇ ਕਿਹਾ ਕਿ ਮੁਲਾਇਮ ਆਖਦੇ ਹਨ ਕਿ ਕੰਪਿਊਟਰ ਤੇ ਅੰਗਰੇਜ਼ੀ ਦੀ ਉੱਕੀ ਲੋੜ ਨਹੀਂ...ਪਰ ਮੈਂ ਅਖਿਲੇਸ਼ ਯਾਦਵ ਨੂੰ ਜਾਣਦਾ ਹਾਂ ਉਹ ਅੰਗਰੇਜ਼ੀ ਵੀ ਚੰਗੀ ਬੋਲ ਲੈਂਦੇ ਹਨ ਤੇ ਕੰਪਿਊਟਰ ਵੀ ਚਲਾ ਲੈਂਦੇ ਹਨ। ਪਰ ਮੁਲਾਇਮ ਯਾਦਵ ਨੂੰ ਡਰ ਹੈ ਕਿ ਗਰੀਬ ਬੰਦੇ ਜੇ ਅੰਗਰੇਜ਼ੀ ਸਿੱਖ ਗਏ ਜਾਂ ਕੰਪਿਊਟਰ ਚਲਾਉਣਾ ਜਾਣ ਗਏ ਤਾਂ ਉਹ ਤਰੱਕੀ ਕਰ ਜਾਣਗੇ। ਉਨ੍ਹਾਂ ਮਾਇਆਵਤੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਭੱਠਾ ਪਰਸੌਲ ਵਿਚ ਕਿਸਾਨਾਂ 'ਤੇ ਜ਼ੁਲਮ ਹੋ ਰਿਹਾ ਸੀ ਤਾਂ ਮੈਂ ਉਥੇ ਜਾਂਦਾ ਰਿਹਾ ਹਾਂ ਜਦਕਿ ਮਾਇਆਵਤੀ ਇਕ ਵਾਰ ਨਹੀਂ ਗਈ। ਰਾਹੁਲ ਨੇ ਕਿਹਾ ਕਿ ਦਿੱਲੀ ਵਿਚ ਸਾਡੀ ਸਰਕਾਰ ਹੈ ਤੇ ਇਥੇ ਯੂਪੀ ਵਿਚ ਤੁਸੀਂ ਬਣਾ ਦਿਓ ਤੇ ਪੰਜ ਸਾਲ ਦਿਓ, ਅਸੀਂ ਸੂਬੇ ਨੂੰ ਤਰੱਕੀ ਦੇ ਰਾਹ ਪਾ ਦਿਆਂਗੇ।