
ਫਰੂਖਾਬਾਦ,(ਪੰ.ਦ.ਬਿ.)-ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਪ੍ਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ (ਐਫ ਡੀ ਆਈ) ਦਾ ਖੁੱਲ੍ਹਾ ਸਮਰਥਨ ਕਰਦਿਆਂ ਇਸ ਦੀ ਸਖ਼ਤ ਮੁਖ਼ਾਲਫਤ ਕਰਨ ਵਾਲੀ ਵਿਰੋਧੀ ਧਿਰ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਉੱਤਰ ਪ੍ਰਦੇਸ਼ ਦੇ ਆਪਣੇ ਪੰਜ ਸਾਲਾ ਦੌਰੇ ਦੇ ਚੌਥੇ ਦਿਨ ਇਥੇ ਰੈਲੀ ਵਿਚ ਰਾਹੁਲ ਦੇ ਅੰਦਾਜ਼, ਬਸਪਾ ਤੇ ਮੁੱਖ ਵਿਰੋਧੀ ਪਾਰਟੀ ਸਪਾ ਪ੍ਰਤੀ ਸਖਤ ਰਹੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦਾ ਮੂੰਹ ਮੱਥਾ ਸੁਆਰਣਾ ਹੈ ਤਾਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਲਿਆਓ ਕਿਉਂਕਿ ਕਾਂਗਰਸ ਅੱਜ ਬਾਰੇ ਨਹੀਂ ਆਉਣ ਵਾਲੇ ਸਮੇਂ ਬਾਰੇ ਸੋਚਦੀ ਹੈ।
ਉਨ੍ਹਾਂ ਕਿਹਾ ਕਿ ਹਿੰਦੋਸਤਾਨ ਵਿਚ 60 ਫ਼ੀਸਦੀ ਸਬਜ਼ੀ ਖਰਾਬ ਹੋ ਜਾਂਦੀ ਹੈ। ਅਸੀਂ ਪ੍ਰਚੂਨ ਵਿਚ ਐਫਡੀਆਈ ਲਿਆਉਣ ਦੀ ਗੱਲ ਰੱਖੀ ਤਾਂ ਜੋ ਆਲੂ ਬਰਬਾਦ ਨਾ ਹੋਇਆ ਕਰਨ। ਕਿਸਾਨ ਆਪਣੀ ਜਿਣਸ ਨੂੰ ਸੋਹਣੀ ਕੀਮਤ 'ਤੇ ਵੇਚ ਸਕੇ। ਵਿਰੋਧੀਆਂ ਨੇ ਇਸ ਗੱਲੋਂ ਸੰਸਦ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਕਿਉਂਕਿ ਉਹ ਲੀਡਰ ਦੇਸ਼-ਵਿਰੋਧੀ ਹਨ। ਯੂਪੀ ਦੀ ਸਥਿਤੀ ਲਈ ਬਸਪਾ ਤੇ ਸਪਾ ਦੇ ਨੇਤਾ ਜਿੰਮੇਵਾਰ ਹਨ।
ਰਾਹੁਲ ਨੇ ਆਪਣਾ ਇਕ ਤਲਖ਼ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਅੱਜ ਛੇ ਸਾਲ ਦਾ ਬੱਚਾ ਵੀ ਜਾਣਦਾ ਹੈ ਕਿ ਮੌਜੂਦਾ ਲੀਡਰਾਂ ਕਾਰਨ ਉਸ ਦਾ ਭਵਿੱਖ ਹਨੇਰਮਈ ਹੈ। ਉਸ ਨੇ ਮਾਇਆਵਤੀ 'ਤੇ ਕੇਂਦਰੀ ਯੋਜਨਾਵਾਂ ਦਾ ਪੈਸਾ ਹੜੱਪਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਲਈ ਕੇਂਦਰ ਤੋਂ ਜਿੰਨਾ ਵੀ ਪੈਸਾ ਭੇਜਦੇ ਹਾਂ ਉਸ ਨੂੰ ਲਖਨਊ ਵਿਚ ਬੈਠਾ 'ਜਾਦੂ ਦਾ ਹਾਥੀ' ਛਕ ਜਾਂਦਾ ਹੈ। ਰਾਹੁਲ ਨੇ ਸਪਾ ਮੁਖੀ ਮੁਲਾਇਮ ਸਿੰਹ ਯਾਦਵ 'ਤੇ ਹਮਲੇ ਜਾਰੀ ਰੱਖੇ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਤੇ ਕੰਪਿਊਟਰ ਦਾ ਵਿਰੋਧ ਕਰਨ ਵਾਲੇ ਮੁਲਾਇਮ ਨੇ ਖੁਦ ਆਪਣੇ ਪੁੱਤਰ ਅਖਿਲੇਸ਼ ਨੂੰ ਦੋਹਾਂ ਖੇਤਰਾਂ ਦੀ ਪੜ੍ਹਾਈ ਕਰਾਈ ਹੈ। ਰਾਹੁਲ ਨੇ ਕਿਹਾ ਕਿ ਮੁਲਾਇਮ ਆਖਦੇ ਹਨ ਕਿ ਕੰਪਿਊਟਰ ਤੇ ਅੰਗਰੇਜ਼ੀ ਦੀ ਉੱਕੀ ਲੋੜ ਨਹੀਂ...ਪਰ ਮੈਂ ਅਖਿਲੇਸ਼ ਯਾਦਵ ਨੂੰ ਜਾਣਦਾ ਹਾਂ ਉਹ ਅੰਗਰੇਜ਼ੀ ਵੀ ਚੰਗੀ ਬੋਲ ਲੈਂਦੇ ਹਨ ਤੇ ਕੰਪਿਊਟਰ ਵੀ ਚਲਾ ਲੈਂਦੇ ਹਨ। ਪਰ ਮੁਲਾਇਮ ਯਾਦਵ ਨੂੰ ਡਰ ਹੈ ਕਿ ਗਰੀਬ ਬੰਦੇ ਜੇ ਅੰਗਰੇਜ਼ੀ ਸਿੱਖ ਗਏ ਜਾਂ ਕੰਪਿਊਟਰ ਚਲਾਉਣਾ ਜਾਣ ਗਏ ਤਾਂ ਉਹ ਤਰੱਕੀ ਕਰ ਜਾਣਗੇ। ਉਨ੍ਹਾਂ ਮਾਇਆਵਤੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਭੱਠਾ ਪਰਸੌਲ ਵਿਚ ਕਿਸਾਨਾਂ 'ਤੇ ਜ਼ੁਲਮ ਹੋ ਰਿਹਾ ਸੀ ਤਾਂ ਮੈਂ ਉਥੇ ਜਾਂਦਾ ਰਿਹਾ ਹਾਂ ਜਦਕਿ ਮਾਇਆਵਤੀ ਇਕ ਵਾਰ ਨਹੀਂ ਗਈ। ਰਾਹੁਲ ਨੇ ਕਿਹਾ ਕਿ ਦਿੱਲੀ ਵਿਚ ਸਾਡੀ ਸਰਕਾਰ ਹੈ ਤੇ ਇਥੇ ਯੂਪੀ ਵਿਚ ਤੁਸੀਂ ਬਣਾ ਦਿਓ ਤੇ ਪੰਜ ਸਾਲ ਦਿਓ, ਅਸੀਂ ਸੂਬੇ ਨੂੰ ਤਰੱਕੀ ਦੇ ਰਾਹ ਪਾ ਦਿਆਂਗੇ।
No comments:
Post a Comment