Monday, December 5, 2011

ਦੇਵਾਨੰਦ ਵਿਛੋੜਾ ਦੇ ਗਏ...

altਨਵੀਂ ਦਿੱਲੀ,  - ਬਾਲੀਵੁੱਡ ਵਿਚ ਉਸ ਵਕਤ ਦੁੱਖਦਾਇਕ ਮਾਹੌਲ ਪੈਦਾ ਹੋ ਗਿਆ, ਜਦੋਂ ਦਿਲ ਦਾ ਦੌਰਾ ਪੈਣ ਨਾਲ ਸਦਾਬਹਾਰ ਅਭਿਨੇਤਾ ਦੇਵਾਨੰਦ ਦਾ ਲੰਡਨ ਵਿੱਚ ਦਿਹਾਂਤ ਹੋ ਗਿਆ। ਭਾਰਤੀ ਸਮੇਂ ਮੁਤਾਬਿਕ ਅੱਧੀ ਰਾਤ ਦੇ ਬਾਅਦ 3:30 ਵਜੇ 88 ਸਾਲਾ ਦੇਵਾਨੰਦ ਨੇ ਲੰਡਨ ਦੇ ਵਾਸ਼ਿੰਗਟਨ ਮੇਫੇਅਰ ਹੋਟਲ ਵਿੱਚ ਆਖਿਰੀ ਸਾਹ ਲਿਆ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੱਤੀ ਕਿ ਦੇਵਾਨੰਦ ਨੇ ਹੋਟਲ ਦੇ ਕਮਰੇ ਵਿੱਚ ਨੀਂਦ ਦੇ ਦੌਰਾਨ ਹੀ ਆਪਣਾ ਆਖਿਰੀ ਸਾਹ ਲਿਆ। ਦੇਵਾਨੰਦ ਦਾ ਪਰਿਵਾਰ ਪਿਛਲੇ ਕੁਝ ਦਿਨਾਂ ਤੋਂ ਉਸ ਹੋਟਲ ਵਿੱਚ ਠਹਿਰਿਆ ਹੋਇਆ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਸੂਚਨਾ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨੇ ਦੇਵਾਨੰਦ ਨੂੰ ਸ਼ਰਧਾਂਜਲੀ ਦਿੱਤੀ ਹੈ। ਦੇਵਾਨੰਦ ਦੀ ਸਿਹਤ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਅਤੇ ਆਪਣੇ ਚੈੱਕਅਪ ਦੇ ਲਈ ਹੀ ਉਹ ਲੰਡਨ ਗਏ ਸਨ। ਜਦੋਂ ਦੇਵਾਨੰਦ ਨੇ ਆਖਿਰੀ ਸਾਹ ਲਿਆ ਤਾਂ ਉਹਨਾਂ ਦੇ ਪੁੱਤਰ ਸੁਨੀਲ ਉਹਨਾਂ ਦੇ ਨਾਲ ਹੀ ਸਨ। ਦੇਵਾਨੰਦ ਨੇ 1946 ਵਿੱਚ ਫ਼ਿਲਮ 'ਹਮ ਏਕ ਹੈ' ਨਾਲ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ।




ਉਸਦੇ ਬਾਅਦ ਉਹਨਾਂ ਨੇ ਬਹੁਤ ਫ਼ਿਲਮਾਂ ਕੀਤੀਆਂ। ਫ਼ਿਲਮ 'ਜਿੱਦੀ' ਤੱਕ ਉਹ ਵੱਡੇ ਅਭਿਨੇਤਾ ਦੇ ਰੂਪ ਵਿੱਚ ਸਥਾਪਿਤ ਹੋ ਚੁੱਕੇ ਸਨ। ਦੇਵਾਨੰਦ ਨੇ ਕਈ ਬਿਹਤਰੀਨ ਫ਼ਿਲਮਾਂ 'ਪੇਇੰਗ ਗੈਸਟ', 'ਬਾਜੀ', 'ਜਵੈਲ ਥੀਫ', 'ਸੀ ਆਈ ਡੀ', 'ਜੌਨੀ ਮੇਰਾ ਨਾਮ', 'ਹਰੇ ਰਾਮ ਹਰੇ ਕ੍ਰਿਸ਼ਨਾ' ਜਿਹੀਆਂ ਫ਼ਿਲਮਾਂ ਦੁਆਰਾ ਆਪਣੇ ਅਭਿਨੈ ਦਾ ਲੋਹਾ ਮੰਨਵਾਇਆ। ਦੇਵਾਨੰਦ ਦਾ ਜਨਮ ਗੁਰਦਾਸਪੁਰ (ਹੁਣ ਪਾਕਿਸਤਾਨ ਵਿਚ) ਵਿੱਚ 26 ਸਤੰਬਰ 1923 ਨੂੰ ਹੋਇਆ। ਪਹਿਲਾਂ ਦੇਵਾਨੰਦ ਦਾ ਨਾਮ ਧਰਮਿੰਦਰ ਆਨੰਦ ਰੱਖਿਆ ਗਿਆ ਸੀ। ਉਨ੍ਹਾਂ ਦੇ ਪਿਤਾ ਕਿਸ਼ੌਰੀ ਮੱਲ ਆਨੰਦ ਮਸ਼ਹੂਰ ਵਕੀਲ ਸਨ। ਦੇਵਾਨੰਦ ਨੇ ਲਾਹੌਰ ਕਾਲਜ ਤੋਂ ਅੰਗਰੇਜੀ ਵਿੱਚ ਬੀ ਏ ਕੀਤੀ ਸੀ। 1949 ਵਿੱਚ ਉਹਨਾਂ ਨੇ ਨਵਕੇਤਨ ਨਾਮ ਤੋਂ ਆਪਣੀ ਪ੍ਰੋਡਕਸ਼ਨ ਕੰਪਨੀ ਲਾਂਚ ਕੀਤੀ ਸੀ, ਜਿਸਨੇ ਕਈ ਯਾਦਗਾਰ ਫ਼ਿਲਮਾਂ ਬਣਾਈਆਂ। ਜਿਕਰਯੋਗ ਹੈ ਕਿ ਦੇਵਾਨੰਦ ਨੂੰ ਪਦਮਭੂਸ਼ਨ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

No comments:

Post a Comment