* ਨਵੇਂ ਸਾਲ 'ਤੇ ਖ਼ਾਸ ਵਿਅੰਗ
-ਆਪਣੀ ਵਿਰਾਸਤ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਤੇ ਬੇਗਾਨੇ ਕਲਚਰ ਨੂੰ ਅਪਨਾਉਣ ਲਈ ਕਾਹਲੇ ਅਸੀਂ ਲੋਕ ਜਿਵੇਂ ਪਟਾਕਿਆਂ ਤੇ ਸ਼ੋਰ ਸ਼ਰਾਬੇ ਵਾਲੇ ਪਟਾਕੇ ਫੂਕਣ ਦੇ ਤਿਓਹਾਰ ਦੀਵਾਲੀ ਉੱਤੇ ਇਕ ਦੂਜੇ ਨੂੰ 'ਵਿਸ਼' ਕਰਦੇ ਹੁੰਦੇ ਹਾਂ ਉਸ ਦਾ ਅੰਦਾਜ਼ ਹੁੰਦਾ ਹੈ ਹੈਪੀ ਦੀਵਾਲੀ ਅੰਕਲ, ਅੱਗੋਂ ਜੇ ਕਿਤੇ ਬੱਚਾ ਹੋਵੇ ਤਾਂ ਜਵਾਬ ਮਿਲਦਾ ਹੈ -ਹੈਪੀ ਦੀਵਾਲੀ ਬੇਟਾ।
ਹੁਣ ਨਵਾਂ ਸਾਲ ਚੜ੍ਹਨ ਵਾਲਾ ਹੈ ਤੇ ਫਿਜ਼ਾ ਵਿਚ ਹੈਪੀ ਨਿਊ ਯੀਅਰ, ਹੈਪੀ ਨਿਊ ਯੀਅਰ ਦੀ ਗੂੰਜ ਸੁਣੇਗੀ। ਪਹਿਲੀ ਜਨਵਰੀ ਦੀ ਸਵੇਰ ਤੋਂ ਹੀ ਇਹ ਦੌਰ ਚੱਲਣ ਲੱਗ ਪਏਗਾ। ਕੁਝ ਲੋਕ ਹੈਪੀ ਨਿਊ ਈਅਰ ਕਹਿਣਗੇ ਬਜਾਇ 'ਯੀਅਰ' ਕਹਿਣ ਦੇ। ਇਹ ਕੰਮ ਸ਼ਾਮ ਦੇ ਚਾਰ ਕੁ ਵਜੇ ਤਕ ਤਾਂ ਚੱਲਦਾ ਹੀ ਰਹੇਗਾ। ਕੁਝ ਕੁ ਕਹਿਣਗੇ ਨਵੇਂ ਸਾਲ ਦੀ ਵਧਾਈ ਹੋਵੇ ਜੀ... । ਕੋਈ ਕਹੇਗਾ ਨਇਆ ਸਾਲ ਮੁਬਾਰਕ। ਫੋਕੀਆਂ ਮੁਬਾਰਕਾਂ ਦੇਣ ਵਿਚ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੇਗਾ।
ਜਦਕਿ ਅਸੀਂ ਸ਼ਾਇਦ ਹੀ ਕਦੇ ਸੋਚਿਆ ਹੋਵੇ ਕਿ ਇਹ ਨਵਾਂ ਸਾਲ ਮੁਬਾਰਕ ਕਹਿਣ ਦੀ ਰਵਾਇਤ ਕਿਉਂ ਤੇ ਕਿਹਨੇ ਪਾਈ ਹੋਵੇਗੀ? ਅਸਲ ਵਿਚ ਇੰਨੀ ਕੁ ਗੱਲ ਹੈ ਕਿ ਜੇ ਤਾਂ ਆਪਾਂ ਨਵੇਂ ਸਾਲ ਦੀ ਆਮਦ 'ਤੇ ਇਹ ਦਿਲੋਂ ਇਹ ਤੱਹਈਆ ਕੀਤਾ ਹੋਵੇ ਕਿ ਪਿਛਲੇ ਸਾਲ ਤਕ ਕੀਤੀਆਂ ਜਾਂਦੀਆਂ ਭੁੱਲਾਂ ਨਹੀਂ ਕਰਨੀਆਂ ਤੇ ਆਪਣੇ ਸੁਭਾਅ ਦੀ ਪੜਚੋਲ ਕਰ ਕੇ ਆਪਣੇ ਆਪ ਨੂੰ ਸੁਧਾਰਣਾ ਹੈ ਫੇਰ ਤਾਂ ਹੈਪੀ ਨਿਊ ਯੀਅਰ ਕਹੋ ਜਾਂ ਨਵਾਂ ਸਾਲ ਮੁਬਾਰਕ, ਇਹਦਾ ਕੋਈ ਮਤਲਬ ਹੈ।
... ਤੇ ਜੇ ਵੇਖੋ ਵੇਖੀ ਪਖੰਡਬਾਜ਼ੀ ਆਪਾਂ ਕਰੀਂ ਜਾਣੀ ਹੈ ਤਾਂ ਆਪਾਂ ਸਾਰੇ ਹੈਪੀ ਨਿਊ ਯੀਅਰ ਕਹਿਣ ਵਾਲੇ ਕਿਸੇ ਤਬਕੇ ਦੇ ਪਿੱਛਲੱਗ ਹੋ ਸਕਦੇ ਹਾਂ। ਲਗਭਗ ਸਾਰੀ ਦੁਨੀਆਂ ਵਿਚ ਵੇਖੋ ਵੇਖੀ ਇਹ ਨਾਅਰਾ ਲਾਇਆ ਜਾਂਦਾ ਹੈ। ਬੱਚੇ ਅੰਕਲਾਂ ਨੂੰ ... ਅੰਕਲ ਬੱਚਿਆਂ ਨੂੰ। ਨਿੱਕੇ ਵੱਡਿਆਂ ਨੂੰ ਤੇ ਵੱਡੇ ਨਿੱਕਿਆਂ ਨੂੰ, ਹੈਪੀ ਨਿਊ ਯੀਅਰ ਆਖਦੇ ਹੀ ਕੰਨੀਂ ਪੈਂਦੇ ਹਨ। ਸੇਮ ਟੂ ਯੂ- ਇਸ ਦਾ ਰਟਿਆ ਰਟਾਇਆ ਜਵਾਬ ਹੁੰਦਾ ਹੈ।
ਹਿੰਦੋਸਤਾਨ ਵਰਗੇ ਦੇਸ ਵਿਚ ਦਾਜ ਦਹੇਜ, ਜਾਤ ਪਾਤ, ਊਚ ਨੀਚ ਤੇ ਹਜ਼ਾਰ ਮਾਨਸਕ ਅਲਾਮਤਾਂ ਹਨ੍ਹੇਰਾ ਯੁੱਗਾਂ ਤੋਂ ਤੁਰੀਆਂ ਆਉਂਦੀਆਂ ਹਨ। ਉਹ ਖਾਮੀਆਂ ਦੂਰ ਕਰਨ ਬਾਰੇ ਕਿਤਿਓਂ ਵੀ, ਕੋਈ ਵੀ, ਨਾਅਰਾ ਬੁਲੰਦ ਨਹੀਂ ਹੁੰਦਾ। ਕੁਝ ਸੱਚੇ ਸਿੱਖ, ਕੁਝ ਸੱਚੇ ਕਾਮਰੇਡ, ਕੁਝ ਸੱਚੇ ਮੁਸਲਮਾਨ ਜਾਂ ਕੁਝ ਸੱਚੇ ਈਸਾਈ ਹਨ ਜਿਨ੍ਹਾਂ ਨੇ ਆਪੋ ਆਪਣੇ ਧਰਮ ਮੁਤਾਬਕ ਤੇ ਆਪੋ ਆਪਣੀ ਜ਼ਮੀਰ ਮੁਤਾਬਕ ਸਿਧਾਂਤ ਸੰਭਾਲੇ ਹੋਏ ਹਨ। ਪਰ ਜਨਤਾ ਦੇ ਪੱਧਰ 'ਤੇ ਕੁਝ ਵੀ ਵਧੀਆ ਨਹੀਂ। ਜਨਤਾ ਨੂੰ ਨਾ ਤਾਂ ਆਪਣੇ ਧਰਮ ਦੇ ਕਿਸੇ ਸਿਧਾਂਤ ਦੀ ਸੋਝੀ ਹੈ ਤੇ ਨਾ ਹੀ ਕੁਝ ਸਿੱਖਣ ਦੀ ਲਾਲਸਾ। ਫੇਰ ਸੁਧਾਰ ਕਿੱਦਾਂ ਹੋਵੇਗਾ? ਆਖੋ, ਹੈਪੀ ਨਿਊ ਯੀਅਰ! ਚੱਲੋ, ਸੇਮ ਟੂ ਯੂ।
ਕਲ੍ਹ ਮੈਂ ਇਕ ਅਖ਼ਬਾਰ ਵਿਚ ਲੇਖ ਪੜ੍ਹ ਰਿਹਾ ਸੀ ਕਿ ਮਲਟੀਪਲੈਕਸਾਂ ਦੀ ਬਾਲਕੋਨੀ ਵਿਚ ਪਰਵਾਰਾਂ ਦਾ ਇਕੱਠੇ ਬੈਠ ਕੇ ਫਿਲਮ ਵੇਖਣਾ ਔਖਾ ਹੋ ਚੁੱਕਾ ਹੈ। ਕਿਉਂਕਿ ਜਿਹੜੀ 'ਚਵਾਨੀ ਕਲਾਸ' ਜਨਤਾ ਪੈਸੇ ਨਾ ਹੋਣ ਕਰਕੇ ਪੁਰਾਣੇ ਢੰਗ ਦੇ ਸਿਨਮੇ ਵਿਚ ਬਾਲਕੋਨੀ ਤੋਂ ਹੇਠਾਂ ਪਹਿਲੀਆਂ ਸੀਟਾਂ ਉੱਤੇ ਬੈਠ ਕੇ ਫਿਲਮਾਂ ਵੇਖਦੀ ਸੀ, ਉਸ ਤਬਕੇ ਕੋਲ ਹੁਣ ਪੈਸੇ ਆਉਣ ਕਰ ਕੇ ਉਹ ਟਿਕਟ ਵੀ ਬਾਲਕੋਨੀ ਦੀ ਲੈਂਦੇ ਹਨ ਤੇ ਹੂੜਮੱਤ ਕਾਰਨ ਚੀਕ ਚਿਹਾੜਾ ਪਾਉਣੋਂ ਵੀ ਨਹੀਂ ਖੁੰਝਦੇ। ਇਹ ਹੈ ਸਾਡਾ ਹਾਲ। ਕੀ ਸਾਡੀ ਮੁੰਡੀਰ ਜਾਂ ਭਟਕੇ ਬੁੱਢਿਆਂ ਨੂੰ ਆਪਣੇ ਅੰਦਰ ਝਾਤੀ ਨਹੀਂ ਮਾਰਨੀ ਚਾਹੀਦੀ ਕਿ ਸਾਨੂੰ ਕੋਈ ਵਿਦਵਾਨ ਲਿਖਾਰੀ 'ਚਵਾਨੀ ਕਲਾਸ ਦਰਸ਼ਕ' ਆਖਦਾ ਹੈ ਤੇ ਆਪਾਂ ਸੁਧਾਰ ਵੀ ਨਹੀਂ ਕਰਦੇ। ਖੈਰ ਚਵਾਨੀ ਕਲਾਸ ਸਿਨਮਾ ਦਰਸ਼ਕਾਂ ਦੀ ਗੱਲ ਫੇਰ ਕਦੇ। ਪਿਆਰਿਓ ਆਖੋ, ਹੈਪੀ ਨਿਊ ਯੀਅਰ।
ਨਵੇਂ ਸਾਲ ਨੂੰ ਜੀ ਆਇਆ ਕਹਿੰਦਿਆਂ, ਸਾਨੂੰ ਅਨੇਕਾਂ ਸਾਲ ਬੀਤ ਗਏ। ਆਪਣੀ ਸੋਚ ਵਿਚੋਂ ਔਗੁਣਾਂ ਦੀ ਪੰਡ ਤਾਂ ਅਸੀਂ ਕੱਢ ਨਹੀਂ ਸਕੇ ਬਸ ਗੋਰੇ ਅੰਗਰੇਜ਼ਾਂ ਬਾਰੇ ਸੁਣਿਆ ਹੋਇਆ ਹੈ ਕਿ ਗੋਰੇ ਨਵਾਂ ਸਾਲ ਚੜ੍ਹਨ 'ਤੇ ਏਦਾਂ ਹੈਪੀ ਨਿਊ ਯੀਅਰ ਆਖ ਕੇ ਮੁਬਾਰਕਾਂ ਦਿੰਦੇ ਹਨ, ਸੋ ਆਪਾਂ ਵੀ ਬਣਨ ਲੱਗ ਪੈਂਦੇ ਆਂ ਅੰਗਰੇਜ਼। ਆਖੋ, ਹੈਪੀ ਨਿਊ ਯੀਅਰ
ਕਿਸੇ ਵੀ ਰੀਤ ਨੂੰ ਨਿਭਾਉਣ ਲੱਗੇ ਕੋਈ ਹਰਜ ਨਹੀਂ ਹੁੰਦਾ ਤੇ ਕਿਸੇ ਨੂੰ ਮੁਬਾਰਕ ਦੇਣ ਦੀ ਕਸਰਤ ਤੋਂ ਕਿਸੇ ਸੱਜਣ ਨੂੰ ਰੋਕਿਆ ਵੀ ਨਹੀਂ ਜਾ ਸਕਦਾ ਹੁੰਦਾ ...ਪਰ ਜੇ ਗੱਲ ਸੰਵੇਦਨਸ਼ੀਲਤਾ ਪੱਖੋਂ ਕਰਨੀ ਹੋਵੇ ਤਾਂ ਵਿਚਲੀ ਗੱਲ ਇਹ ਹੈ ਕਿ ਕਦੋਂ ਤਕ ਅਸੀਂ ਸਮਾਜਕ ਵਿਖਾਵੇ ਦੀ ਦੌੜ ਵਿਚ ਹਿੱਸਾ ਲੈਂਦੇ ਰਹਾਂਗੇ? ਨਵਾਂ ਸਾਲ ਮੁਬਾਰਕ ਕਹਿਣ ਵਿਚ ਭਾਵੇਂ ਕੋਈ ਭੈੜ ਨਹੀਂ ਹੁੰਦੀ ਪਰ ਸਵਾਲ ਇਹ ਹੈ ਕਿ ਆਪਾਂ ਕਹਿ ਕਿਹਨੂੰ ਰਹੇ ਹਾਂ? ਤੇ ਕਿਉਂ ਕਹਿ ਰਹੇ ਹਾਂ? ਜੇ ਨਵਾਂ ਸਾਲ ਆ ਵੀ ਗਿਆ ਤੇ ਨਵੇਂ ਸਾਲ ਦਾ ਪਹਿਲਾ ਦਿਨ ਚੜ੍ਹ ਵੀ ਗਿਆ ਤਾਂ ਕੀ ਹਨੇਰੀ ਝੁੱਲ ਜਾਏਗੀ? ਓਦਾਂ ਦਾ ਹੀ ਦਿਨ ਹੋਵੇਗਾ ਜਿੱਦਾਂ ਬਾਕੀ ਦਿਨ ਚੜ੍ਹਦੇ ਹੁੰਦੇ ਸੀ। ਇਕ ਭੇਤ ਵਾਲੀ ਗੱਲ ਦੱਸਾਂ ਤਾਂ ਇਸ ਹੈਪੀ ਨਿਊ ਯੀਅਰ ਕਹਿਣ ਤੇ ਕਹਾਉਣ ਦੇ ਰੁਝਾਨ ਪਿੱਛੇ ਵੀ ਖੁੱਲ੍ਹੀ ਮੰਡੀ ਹੈ। ਇਕ ਵੱਡਾ ਬਜ਼ਾਰ ਹੈ ਇਸ ਵਰਤਾਰੇ ਦੇ ਪਿੱਛੇ..! ਐਵੇਂ ਭੋਲੇ ਭਾਲੇ ਨਾ ਸਮਝਿਓ। ਜਿਨ੍ਹਾਂ ਸਾਨੂੰ ਹੈਪੀ ਨਿਊ ਯੀਅਰ ਕਹਿਣ ਆਦਤ ਪਾ ਦਿੱਤੀ।
* * * * *
ਇਸ ਬਜ਼ਾਰ ਦੇ ਲੋਕ ਚਾਹੁੰਦੇ ਹਨ, ''ਗਾਹਕ ਇਕ ਦੂਜੇ ਨੂੰ ਗਰੀਟਿੰਗ ਕਾਰਡ ਖਰੀਦ ਕੇ ਦੇਣ। ਕਾਰਡ ਭੇਜਣ। ਐਸਐਮਐਸ ਭੇਜਣ।'' ਹਰੇਕ ਦੁਕਾਨਦਾਰ ਨੇ ਆਪਣੀ ਵਸਤ ਵੇਚਣੀ ਹੈ। ਫੇਰ ਦੁਕਾਨਦਾਰ ਤੋਂ ਅੱਗੇ ਬੈਠਾ ਹੈ ਵਸਤਾਂ ਦਾ ਜ਼ਖੀਰੇਬਾਜ਼। ਉਸ ਤੋਂ ਅੱਗੇ ਬੈਠਾ ਹੈ ਉਤਪਾਦਕ। ਬਜ਼ਾਰਵਾਦ ਉੱਤੇ ਭਾਰੂ ਉਹ ਸਾਰੇ ਲੋਕ ਜੇ ਏਦਾਂ ਹੈਪੀ.. ਹੈਪੀ.. ਕਹਿਣ ਦੀ ਹਵਾ ਨਾ ਚਲਾਉਣਗੇ ਤਾਂ ਉਨ੍ਹਾਂ ਦੀਆਂ ਤਿਜੌਰੀਆਂ ਕਦੇ ਵੀ ਭਰ ਨਹੀਂ ਸਕਣਗੀਆਂ। ਲੱਖਾਂ, ਕਰੋੜਾਂ ਦੀ ਗਿਣਤੀ ਵਿਚ ਛੱਪਦੇ ਹਨ ਗਰੀਟਿੰਗ ਕਾਰਡ। ਜਿਹੜਾ ਕਾਰਡ ਅਸੀਂ 15 ਜਾਂ 20 ਰੁਪਏ ਦਾ ਖਰੀਦਦੇ ਹਾਂ ਉਹ ਵੇਚਣ ਵਾਲੇ ਨੂੰ ਹੀ 5 ਰੁਪਏ ਤੋਂ ਸਸਤਾ ਮਿਲਿਆ ਹੁੰਦਾ ਹੈ। ਵੱਡਾ ਕਾਰੋਬਾਰੀ ਜਾਲ ਹੈ ਇਸ ਧੰਦੇ ਪਿੱਛੇ।
ਕਿਸੇ ਵੀ ਮੌਕੇ 'ਤੇ ਵਿਸ਼ ਕਰਨ ਦਾ ਕੋਈ ਅਸਲੀ ਤੇ ਡੂੰਘਾ ਮਤਲਬ ਤਾਂ ਹੁੰਦਾ ਹੈ ਕਿ ਜੇ ਅਸੀਂ ਬੋਦੀਆਂ ਹੋ ਚੁੱਕੀਆਂ ਸਮਾਜਕ ਕੁਰੀਤੀਆਂ ਨੂੰ ਆਪਣੇ ਮਨੋਂ ਕੱਢ ਦੇਣਾ ਚਾਹੁੰਦੇ ਹਾਂ। ਸਮਾਜਕ ਕੁਰੀਤੀਆਂ ਵਿਰੁੱਧ ਬੁਲੰਦ ਬਾਂਗ ਅਵਾਜ਼ ਕੱਢਣ ਲਈ ਤਿਆਰ ਹਾਂ ਤਾਂ ਫੇਰ ਸਾਨੂੰ ਨਵੇਂ ਸਾਲ ਦਾ ਪਹਿਲਾ ਦਿਨ ਮਨਾ ਲੈਣਾ ਚਾਹੀਦਾ ਹੈ। ਜੇ ਆਪਾਂ ਓਹੀ ਸਭ ਕਰੀਂ ਜਾਣਾ ਹੈ ਜਿਹਦੇ ਕਰ ਕੇ ਸਾਡੇ ਬਾਰੇ ਚੁਟਕਲੇ ਬਣਾ ਕੇ ਸੁਣਾਏ ਜਾਂਦੇ ਹਨ ਤਾਂ ਸਾਨੂੰ ਇੰਡੀਅਨਾਂ ਨੂੰ ਹੱਕ ਨਹੀਂ ਕਿ ਅਸੀਂ ਅੰਗਰੇਜ਼ਾਂ ਦੀ ਰੀਸੋ ਰੀਸ ਹੈਪੀ ਨਿਊ ਯੀਅਰ, ਹੈਪੀ ਨਿਊ ਯੀਅਰ ਕਹਿੰਦੇ ਫਿਰੀਏ। ਆਓ ਇਸ ਇਤਿਹਾਸਕ ਮੌਕੇ 'ਤੇ ਇਹ ਅਹਿਦ ਲਈਏ ਕਿ ਅਸੀਂ ਆਪਣੇ ਔਗੁਣਾਂ ਵਿਚ ਘੱਟੋ ਘੱਟ ਇਕ ਨੂੰ ਤਾਂ ਦੂਰ ਕਰਨ ਲਈ ਸਿਰਤੋੜ ਕੋਸ਼ਿਸ਼ ਕਰਾਂਗੇ ਹੀ। ਓਕੇ, ਬਾਏ, ਹੈਪੀ ਨਿਊ ਯੀਅਰ..!!!
- ਯਾਦਵਿੰਦਰ, 9465329617



ਨਵੀਂ ਦਿੱਲੀ, - ਬਾਲੀਵੁੱਡ ਵਿਚ ਉਸ ਵਕਤ ਦੁੱਖਦਾਇਕ ਮਾਹੌਲ ਪੈਦਾ ਹੋ ਗਿਆ, ਜਦੋਂ ਦਿਲ ਦਾ ਦੌਰਾ ਪੈਣ ਨਾਲ ਸਦਾਬਹਾਰ ਅਭਿਨੇਤਾ ਦੇਵਾਨੰਦ ਦਾ ਲੰਡਨ ਵਿੱਚ ਦਿਹਾਂਤ ਹੋ ਗਿਆ। ਭਾਰਤੀ ਸਮੇਂ ਮੁਤਾਬਿਕ ਅੱਧੀ ਰਾਤ ਦੇ ਬਾਅਦ 3:30 ਵਜੇ 88 ਸਾਲਾ ਦੇਵਾਨੰਦ ਨੇ ਲੰਡਨ ਦੇ ਵਾਸ਼ਿੰਗਟਨ ਮੇਫੇਅਰ ਹੋਟਲ ਵਿੱਚ ਆਖਿਰੀ ਸਾਹ ਲਿਆ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੱਤੀ ਕਿ ਦੇਵਾਨੰਦ ਨੇ ਹੋਟਲ ਦੇ ਕਮਰੇ ਵਿੱਚ ਨੀਂਦ ਦੇ ਦੌਰਾਨ ਹੀ ਆਪਣਾ ਆਖਿਰੀ ਸਾਹ ਲਿਆ। ਦੇਵਾਨੰਦ ਦਾ ਪਰਿਵਾਰ ਪਿਛਲੇ ਕੁਝ ਦਿਨਾਂ ਤੋਂ ਉਸ ਹੋਟਲ ਵਿੱਚ ਠਹਿਰਿਆ ਹੋਇਆ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਸੂਚਨਾ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨੇ ਦੇਵਾਨੰਦ ਨੂੰ ਸ਼ਰਧਾਂਜਲੀ ਦਿੱਤੀ ਹੈ। ਦੇਵਾਨੰਦ ਦੀ ਸਿਹਤ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਅਤੇ ਆਪਣੇ ਚੈੱਕਅਪ ਦੇ ਲਈ ਹੀ ਉਹ ਲੰਡਨ ਗਏ ਸਨ। ਜਦੋਂ ਦੇਵਾਨੰਦ ਨੇ ਆਖਿਰੀ ਸਾਹ ਲਿਆ ਤਾਂ ਉਹਨਾਂ ਦੇ ਪੁੱਤਰ ਸੁਨੀਲ ਉਹਨਾਂ ਦੇ ਨਾਲ ਹੀ ਸਨ। ਦੇਵਾਨੰਦ ਨੇ 1946 ਵਿੱਚ ਫ਼ਿਲਮ 'ਹਮ ਏਕ ਹੈ' ਨਾਲ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ।