- ਸੜਕਾਂ ਤੋਂ ਲੰਘੀਏ ਤਾਂ ਅਕਸਰ ਕੁਝ ਵੈਦ, ਹਕੀਮਾਂ ਤੇ ਖਾਨਦਾਨੀ ਬੰਦਿਆਂ ਦੇ ਬੋਰਡ ਤੇ ਹੋਰਡਿੰਗ ਲੱਗੇ ਵੇਖੇ ਜਾਂਦੇ ਹਨ। ਇਨ੍ਹਾਂ ਹੋਰਡਿੰਗਾਂ ਤੇ ਬੋਰਡਾਂ ਉੱਤੇ ਅਖੌਤੀ ਵੈਦ ਦੀ ਤਸਵੀਰ, ਲੱਛੇਦਾਰ ਸ਼ਬਦਾਵਲੀ ਵਿਚ ਰੋਗਾਂ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਦੇ ਦਾਅਵੇ ਆਦਿ ਲਿਖੇ ਹੁੰਦੇ ਹਨ। ਜੇ ਖ਼ਾਸਕਰ ਪੰਜਾਬ ਦੀ ਗੱਲ ਕਰੀਏ ਤਾਂ ਇਹੋ ਜਿਹੇ ਲੋਕ ਬਹੁਤੀ ਵਾਰ ਬਸ ਸਟੈਂਡਾਂ ਦੇ ਨੇੜੇ ਹੀ ਦਫਤਰ ਕਿਰਾਏ ਉੱਤੇ ਲੈਂਦੇ ਹਨ। ਜਿਸ ਦਾ ਇਕ ਸਿੱਧਾ ਜਿਹਾ ਫਾਇਦਾ ਸ਼ਾਇਦ ਇਹ ਹੁੰਦਾ ਹੋਵੇਗਾ ਕਿ ਉਧਰੋਂ ਗਾਹਕ ਬੱਸ ਤੋਂ ਉੱਤਰੇ, ਤੇ ਉਧਰ ਵੈਦ ਦੇ ਸ਼ਫ਼ਾਖ਼ਾਨੇ ਵਿਚ ਜਾ ਵੜੇ।
ਪਰ ਜੇ ਅਸੀਂ ਇਸ ਯੁੱਗ ਦੇ ਮਹਾਨ ਸੈਕਸੋਲੋਜਿਸਟ ਸ਼੍ਰੀ ਪ੍ਰਕਾਸ਼ ਕੋਠਾਰੀ ਦੀਆਂ ਲਿਖਤਾਂ ਪੜ੍ਹੀਏ ਤਾਂ ਸਾਫ ਪਤਾ ਲੱਗਦਾ ਹੈ ਕਿ ਸੈਕਸ ਰੋਗਾਂ ਦਾ ਨਿਵਾਰਣ ਕਰਨ ਦੇ ਦਾਅਵੇ ਕਰਨ ਵਾਲੇ ਲੋਕਾਂ ਦੀ ਬੋਲੀ ਹੀ ਪੈਸੇ ਭੋਟਣ ਵਾਲੀ ਹੁੰਦੀ ਹੈ। ਸਾਊ ਬੋਲੀ ਵਿਚ ਜਿਹੜੀ ਗੱਲ ਕੀਤੀ ਜਾਵੇ, ਓਸੇ ਨੂੰ ਸੱਭਿਅਕ ਆਖਿਆ ਜਾਂਦਾ ਹੈ। ਪਰ ਬਸ ਸਟੈਂਡਾਂ ਦੇ ਕੋਲ ... ਬਿਲਡਿੰਗਾਂ ਦੇ ਚੁਬਾਰਿਆਂ ਉੱਤੇ ਦਫ਼ਤਰ ਮੁੱਲ ਖਰੀਦ ਕੇ ਬੈਠੇ ਤੇ ਮੋਟੇ ਕਿਰਾਏ ਦੇ ਕੇ ਮੋਟੀ ਦਿਹਾੜੀ ਬਣਾਉਣ ਵਾਲੇ ਲੋਕ ਅਸਲ ਵਿਚ ਕੁਐਕ ਹੀ ਹਨ। ਕੁਐਕ ਅੰਗਰੇਜ਼ੀ ਬੋਲੀ ਦਾ ਲਫਜ਼ ਹੈ, ਜੋ ਕਿ ਅੰਗਰੇਜ਼ੀ ਬੋਲੀ ਨੇ ਕਿਸੇ ਹੋਰ ਬੋਲੀ ਜਾਂ ਲਾਤੀਨੀ ਅਮਰੀਕੀ ਬੋਲੀ ਵਿਚੋਂ ਲਿਆ ਲੱਗਦਾ ਹੈ। ਪਰ (ਸਾਡੀ ਭਾਵਨਾ ਮੁਤਾਬਕ) ਕੁਐਕ ਦਾ ਇਕੋ ਹੀ ਅਰਥ ਹੈ, ਨਿਰਾ ਪੁਰਾ ਠੱਗ।
ਇਹ ਕੁਐਕ ਟੋਲੇ, ਅਸਲ ਵਿਚ ਜਾਣਦੇ ਹੀ ਨਹੀਂ ਹੁੰਦੇ ਕਿ ਜਿਹੜੇ ਰੋਗ ਦਾ ਇਲਾਜ ਕਰਨ ਲਈ ਉਹ ਦਾਅਵੇ ਕਰਦੇ ਹਨ, ਉਸ ਦਾ ਜੈਨੂਅਨ ਢੰਗ ਨਾਲ ਇਲਾਜ ਕਿੱਦਾਂ ਕੀਤਾ ਜਾਂਦਾ ਹੈ। ਇਕ ਤਾਂ ਪੂਰੀ ਡਿਗਰੀ ਨਹੀਂ ਹੁੰਦੀ ਕੋਲ। ਤੇ ਦੂਜੀ ਗੱਲ ਇਹ ਕਿ ਇਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਹੱਥ ਸ਼ਾਇਦ ਬੰਨ੍ਹੇ ਹੁੰਦੇ ਹਨ ਤੇ ਸਰਕਾਰ ਨੂੰ ਦੱਸਣ ਵਾਲਾ ਕੋਈ ਨਹੀਂ ਹੁੰਦਾ।
ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਖਾਨਦਾਨੀ ਕੁਐਕਾਂ ਕੋਲ ਜਾ ਕੇ ਕੌਣ ਫਸਦਾ ਹੈ ਤੇ ਕਿਹੜੇ ਹਾਲਾਤ ਹੁੰਦੇ ਹਨ। ਇਸ ਦਾ ਨਿੱਕਾ ਜਿਹਾ ਜਵਾਬ ਹੈ ਕਿ ਜਦੋਂ ਨੌਜਵਾਨਾਂ ਦਾ ਵਿਆਹ ਹੁੰਦਾ ਹੈ ਤਾਂ ਉਨ੍ਹਾਂ ਕੋਲ ਆਪਣੀ ਸਾਥਣ ਨੂੰ ਸੰਤੁਸ਼ਟ ਕਰਨ ਲਈ ਖ਼ਾਸ ਤਜਰਬਾ ਨਹੀਂ ਹੁੰਦਾ। ਜਿਸ ਕਾਰਨ ਉਹ ਸ਼ਰਮਿੰਦਗੀ ਵੀ ਮਹਿਸੂਸ ਕਰਦੇ ਹਨ ਤੇ ਆਖ਼ਰ ਤੰਗ ਆ ਕੇ ਇਨ੍ਹਾਂ ਕੁਐਕਾਂ ਕੋਲ ਪਹੁੰਚ ਜਾਂਦੇ ਹਨ ਜਿਥੇ ਰੱਜ ਕੇ ਇਨ੍ਹਾਂ ਦਾ ਆਰਥਕ ਤੇ ਮਾਨਸਕ ਸ਼ੋਸ਼ਣ ਕੀਤਾ ਜਾਂਦਾ ਹੈ। ਡਰ ਤੇ ਸ਼ਰਮ ਕਰ ਕੇ ਇਹ ਨਾ ਤਾਂ ਆਪਣੇ ਘਰ ਕਿਸੇ ਸਿਆਣੇ ਜੀਅ ਨਾਲ ਗੱਲ ਕਰਦੇ ਹਨ ਤੇ ਨਾਂ ਹੀ ਕਿਸੇ ਕੋਲ ਸ਼ਿਕਾਇਤ ਕਰਨ ਜਾਂਦੇ ਹਨ। ਜਿਸ ਕਾਰਨ ਕੁਐਕਾਂ ਦੀ ਚੜ੍ਹ ਮਚੀ ਪਈ ਐ। ਹਨ।
ਨਵਾਂ ਪਹਿਲੂ ਇਹ ਹੈ ਕਿ ਅੱਜ ਦਾ ਸਮਾਂ ਮਸ਼ੀਨੀਕਰਣ ਦਾ ਸਮਾਂ ਹੈ। ਹਰੇਕ ਬੌਸ ਆਪਣੇ ਮਾਤਹਿਤ ਮੁਲਾਜ਼ਮ ਕੋਲੋਂ ਕੰਮ, ਕੰਮ ਤੇ ਸਿਰਫ ਕੰਮ ਮੰਗਦਾ ਹੈ। ਕਈ ਵਾਰ ਮਿੱਥੇ ਟਾਰਗੈੱਟ ਨਹੀਂ ਪੂਰੇ ਕਰ ਹੁੰਦੇ ਤੇ ਬਹੁਤੀ ਵਾਰ ਬੌਸ ਹੀ ਖੁਸ਼ ਨਹੀਂ ਹੋ ਸਕਦਾ ਹੁੰਦਾ ਤੇ ਦਫਤਰ ਵਿਚ ਹੋਰ ਦਰਜਨਾਂ ਕਾਰਨ ਹੁੰਦੇ ਹਨ ਜਿਸ ਕਾਰਨ ਰਾਤ ਨੂੰ ਘਰ ਗਿਆ ਵਿਅਕਤੀ ਆਪਣੇ ਸਾਥੀ ਨਾਲ ਸਹਿਵਾਸ ਕਰਨ ਵਿਚ ਅਸਮਰੱਥ ਹੁੰਦਾ ਹੈ। ਪਰ ਜੀਵਨ ਸਾਥੀ ਦਾ ਇਹ ਕਹਿਣਾ ਹੁੰਦਾ ਹੈ ਕਿ ਹੋਰ ਲੋਕ ਵੀ ਤਾਂ ਕੰਮ ਕਰਦੇ ਹੀ ਹਨ..! ਉਹ ਕਿੱਦਾਂ ਤਾਲਮੇਲ ਕਰਦੇ ਹੋਣਗੇ? ਪਲੀਜ਼ ਤੁਸੀਂ ਆਪਣਾ ਦਫਤਰ, ਦਫਤਰ ਵਿਚ ਹੀ ਛੱਡ ਆਇਆ ਕਰੋ। ਘਰ ਨੂੰ ਦਫਤਰ ਨਾ ਬਣਾਓ ਤੇ ਦਫਤਰ ਜਾ ਕੇ ਘਰ ਦੀ ਗੱਲ ਨਾ ਕਰੋ। ਅੱਜ ਪੱਛਮੀ ਦੇਸ਼ਾਂ ਵਿਚ ਵਸੇ ਪੰਜਾਬੀ, ਜਿੰਨੀ ਮਿਕਦਾਰ ਵਿਚ ਪੰਜਾਬ ਦੇ ਕੁਐਕਾਂ ਤੋਂ ਫਰਾਡ ਦਵਾਈਆਂ ਮੰਗਾਂਦੇ ਹਨ, ਉਹ ਸ਼ਾਇਦ ਇੰਨੀ ਗਿਣਤੀ ਤੇ ਇੰਨੀ ਤਾਦਾਦ ਵਿਚ ਪਹਿਲਾਂ ਨਹੀਂ ਸੀ ਭੇਜੀ ਜਾਂਦੀ। ਪਾਰਸਲ ਤੇ ਕੋਰੀਅਰ ਪੈਕ ਕਰਨ ਵਾਲੇ ਦੱਸਦੇ ਹਨ ਕਿ ਸਾਡੇ ਕੋਲ ਮਰਦਾਨਾ ਤਾਕਤਾਂ ਦੇ ਬਾਦਸ਼ਾਹ ਹੀ ਜ਼ਿਆਦਾਤਰ ਆਪਣਾ ਖੇਹ ਸੁਆਹ ਲੈ ਕੇ ਆ ਜਾਂਦੇ ਹਨ ਤੇ ਕੋਰੀਅਰ ਭੇਜਣ ਲਈ ਮੂੰਹ ਮੰਗਿਆ ਮਾਲ੍ਹ ਦੇ ਜਾਂਦੇ ਹਨ।
ਭਾਰਤ ਦੇ ਜਿਹੜੇ ਮੰਨੇ ਪ੍ਰਮੰਨੇ ਸੈਕਸ ਮਾਹਰ ਹਨ, ਅਕਸਰ ਦੱਸਦੇ ਹਨ ਕਿ ਰਾਤ ਨੂੰ ਸੁਪਨਦੋਸ਼ ਹੋਣਾ ਕੋਈ ਰੋਗ ਹੀ ਨਹੀਂ ਹੈ। ਕਿਉਂਕਿ ਜੇ ਪਿਆਲਾ ਭਰ ਜਾਵੇ ਤਾਂ ਛਲਕ ਹੀ ਆਉਂਦਾ ਹੈ। 17 ਸਾਲ ਤੋਂ ਲੈ ਕੇ ਮੁੰਡਿਆਂ ਨੂੰ ਇਹ ਵਹਿਮ ਪੈ ਜਾਂਦਾ ਹੈ ਕਿ ਸੁਪਨਦੋਸ਼ ਕੋਈ ਰੋਗ ਹੈ ਤੇ ਉਸ ਨੂੰ ਲੱਗ ਚੁੱਕਾ ਹੈ ਜਦਕਿ ਇਹ ਕੁਦਰਤ ਦਾ ਇਕ ਢੰਗ ਹੈ ਕਿ ਜੇ ਕਿਸੇ ਨੂੰ ਪਿਆਰ ਕਰਨ ਦਾ ਮੌਕਾ ਨਾ ਮਿਲੇ ਜਾਂ ਉਹ ਸੰਗਾਊ ਜਿਹਾ ਹੋਵੇ ਤਾਂ ਮਨ ਦੀਆਂ ਸੋਚਾਂ ਅਚੇਤ ਮਨ ਵਿਚ ਰਿੜਕ ਰਿੜਕ ਕੇ ਰਾਤ ਨੂੰ ਸੁਪਨੇ ਵਿਚ ਤਮੰਨਾ ਪੂਰੀ ਕਰ ਲੈਂਦੀਆਂ ਹਨ। ਯਕੀਨੀ ਤੌਰ 'ਤੇ ਸੁਪਨਦੋਸ਼, ਰੋਗ ਨਹੀਂ ਹੈ। ਸ਼ੀਘਰਪਤਨ ਵੀ ਨਵੇਂ ਨਵੇਂ ਚਾਅ ਦਾ ਨਤੀਜਾ ਹੈ। ਇਹ ਵੀ ਗੰਭੀਰ ਰੋਗ ਨਹੀਂ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕਿਸੇ ਨੂੰ ਸੱਚਮੁੱਚ ਕੋਈ ਰੋਗ ਹੋਵੇ ਵੀ ਤਾਂ ਪਹਿਲਾਂ ਤਾਂ ਐਮ ਬੀ ਬੀ ਐਸ ਡਾਕਟਰ ਤੋਂ ਜਾਂ ਕਿਸੇ ਮਾਹਰ ਤੋਂ ਚੈੱਕਅਪ ਕਰਾ ਕੇ ਦਵਾਈ ਲੈਣੀ ਚਾਹੀਦੀ ਹੈ। ਦੂਜੀ ਗੱਲ ਇਹ ਕਿ ਕਈ ਬਰਾਂਡਿਡ ਤੇ ਸਿੱਕੇਬੰਦ ਕੰਪਨੀਆਂ ਹਨ ਜੋ ਕਿ ਵਧੀਆ ਤੇ ਅਸਲੀ ਤੱਤਾਂ ਵਾਲੀਆਂ ਦਵਾਈਆਂ ਬਣਾਉਂਦੀਆਂ ਹਨ, ਜਿਨ੍ਹਾਂ ਦਾ ਕੁਆਲੀਫਾਈਡ ਡਾਕਟਰ ਦੀ ਸਲਾਹ ਨਾਲ ਸੇਵਨ ਕਰਨਾ ਕੋਈ ਮਾੜੀ ਗੱਲ ਨਹੀਂ। ਇਸ ਵੈੱਬਸਾਈਟ ਵਿਚ ਕਿਸੇ ਦੀ ਮਸ਼ਹੂਰੀ ਕਰਨੀ ਵੀ ਜਾਇਜ਼ ਨਹੀਂ ਜਾਪਦੀ, ਪਰ ਨਾਮਣੇ ਵਾਲੀਆਂ ਤੇ ਭਰੋਸਾ ਕਾਇਮ ਕਰ ਚੁੱਕੀਆਂ ਕੰਪਨੀਆਂ ਵਲੋਂ ਸੈਕਸ ਪਾਵਰ ਵਧਾਉਣ ਲਈ ਜਿਹੜੀਆਂ ਸਿੱਕੇਬੰਦ ਦਵਾਈਆਂ ਹਨ, ਉਹ ਲਈਆਂ ਜਾ ਸਕਦੀਆਂ ਹਨ। ਪਰ ਵੱਡੀ ਗੱਲ ਇਹ ਹੈ ਕਿ ਖਾਨਦਾਨੀ ਦਾਅਵੇ ਕਰਨ ਵਾਲੇ ਕੁਐਕਾਂ ਤੇ ਮਹਾਠੱਗਾਂ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।
ਪੇਸ਼ਕਸ਼ : ਵਿਚਾਰ ਵਟਾਂਦਰਾ ਫੀਚਰ ਸਰਵਿਸ
ਸੰਪਰਕ 98152 85126
(ਇਸ ਬਲਾਗ ਦੇ ਲੇਖਾਂ ਬਾਰੇ ਆਪਣੀ ਰਾਇ ਜ਼ਰੂਰ ਦਿਓ। ਆਪਣੇ ਵਿਚਾਰ ਛਪਣ ਲਈ ਭੇਜਣੇ ਹਨ ਤਾਂ ਜ਼ਰੂਰ ਭੇਜੋ)
wow very nice thx boht changya galla desya hann ji tusi
ReplyDelete